-ਘਰਾਂ ਨੇੜੇ ਸਿਹਤ ਸਹੂਲਤਾਂ ਮਿਲਣ ’ਤੇ ਮਰੀਜ਼ਾਂ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਬਰਨਾਲਾ, 21 ਅਪ੍ਰੈਲ (ਅਵਤਾਰ ਸਿੰਘ ਜੱਸਲ) : ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਮਿਆਰੀ ਤੇ ਪਹੁੰਚਯੋਗ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲੇ ਦੇ ਬਲਾਕਾਂ ਵਿੱਚ ‘ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ’ ਤਹਿਤ ਸਿਹਤ ਮੇਲੇ ਅੱਜ ਸ਼ੁਰੂ ਹੋ ਗਏ ਹਨ। ਡਿਪਟੀ ਕਮਿਸਨਰ ਬਰਨਾਲਾ ਹਰੀਸ਼ ਨਇਰ ਨੇ ਦੱਸਿਆ ਕਿ ਜ਼ਿਲੇ ਦੇ ਹਰ ਸਿਹਤ ਬਲਾਕ ਵਿਚ ਅਜਿਹੇ ਮੇਲੇ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਅੱਜ ਸਿਹਤ ਬਲਾਕ ਮਹਿਲ ਕਲਾਂ ਦਾ ਸਿਹਤ ਮੇਲਾ ਪਿੰਡ ਦੀਵਾਨਾ ਅਤੇ ਸਿਹਤ ਬਲਾਕ ਤਪਾ ਦਾ ਸਿਹਤ ਮੇਲਾ ਪਿੰਡ ਸਹਿਣਾ ਵਿਖੇ ਲਾਇਆ ਗਿਆ ਤੇ ਭਲਕੇ ਪਿੰਡ ਕਾਲੇਕੇ ਵਿਖੇ ਸਿਹਤ ਮੇਲਾ ਲਾਇਆ ਜਾਵੇਗਾ। ਪਿੰੰਡ ਦੀਵਾਨਾ ਦੇ ਡੇਰਾ ਬਾਬਾ ਅਗੰਧ ਜੀ ਵਿਖੇ ਲਾਏ ਸਿਹਤ ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਮਹਿਲ ਕਲਾਂ ਡਾ. ਜੈਦੀਪ ਚਹਿਲ ਨੇ ਦੱਸਿਆ ਕਿ ਇਸ ਸਿਹਤ ਮੇਲੇ ਦਾ ਵੱਡੀ ਗਿਣਤੀ ਲੋਕਾਂ ਨੇ ਲਾਭ ਉਠਾਇਆ। ਉਨਾਂ ਦੱਸਿਆ ਕਿ ਸਿਹਤ ਮੇਲੇ ਵਿਚ ਜਿੱਥੇ ਅੱਖਾਂ ਦੇ ਮਾਹਿਰ, ਸਰਜਰੀ ਮਾਹਿਰ, ਔਰਤ ਰੋਗਾਂ ਦੇ ਮਾਹਿਰ ਤੇ ਮੈਡੀਸਿਨ ਡਾਕਟਰਾਂ ਨੇ ਮਰੀਜ਼ਾਂ ਦਾ ਚੈਕਅਪ ਕੀਤਾ, ਉਥੇ ਟੈਸਟ ਵੀ ਮੁਫਤ ਕੀਤੇ ਗਏ ਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਸਰਕਾਰੀ ਹਾਈ ਸਕੂਲ ਦੀਵਾਨਾ ਦੀਆਂ ਵਿਦਿਆਰਥਣਾਂ ਦੇ ਵੀ ਲੋੜੀਂਦੇ ਚੈਕਅਪ ਅਤੇ ਟੈਸਟ ਮੁਫਤ ਕੀਤੇ ਗਏ। ਕੈਂਪ ’ਚ ਪੁੱਜੀ ਪਿੰਡ ਦੀਵਾਨਾ ਦੀ ਜੀਤ ਕੌਰ ਨੇ ਦੱਸਿਆ ਕਿ ਉਨਾਂ ਨੇ ਕੈਂਪ ਵਿੱਚ ਪੁੱਜ ਕੇ ਬਲੱਡ ਪ੍ਰੈਸ਼ਰ ਅਤੇ ਅੱਖਾਂ ਦਾ ਚੈਕਅਪ ਕਰਾਇਆ ਤੇ ਉਨਾਂ ਨੂੰ ਮੁਫਤ ਦਵਾਈ ਦਿੱਤੀ ਗਈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨਾਂ ਨੂੰ ਪ੍ਰਾਈਵੇਟ ਹਸਪਤਾਲ ਜਾਣਾ ਪੈਂਦਾ ਸੀ ਤੇ ਕੈਂਪ ਲੱਗਣ ਨਾਲ ਉਨਾਂ ਨੂੰ ਸਿਹਤ ਸਹੂਲ਼ਤਾਂ ਘਰਾਂ ਦੇ ਨੇੜੇ ਮਿਲ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਰਣਧੀਰ ਸਿੰਘ ਤੇ ਸਮੁੱਚੀ ਪੰਚਾਇਤ, ਬਲਾਕ ਐਕਸਟੈਨਸ਼ਨ ਐਜੂਕੇਟਰ ਮਹਿਲ ਕਲਾਂ ਕੁਲਜੀਤ ਸਿੰਘ, ਸਿਹਤ ਵਿਭਾਗ ਦੇ ਡਾਕਟਰ, ਆਸ਼ਾ ਵਰਕਰਾਂ ਤੇ ਹੋਰ ਸਟਾਫ ਹਾਜ਼ਰ ਸੀ।
