ਚੰਡੀਗੜ੍ਹ, 13 ਨਵੰਬਰ, Gee98 News service
ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ, ਪਾਰਟੀ ਹੁਣ ਤੱਕ ਕੁੱਲ 71 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਚੁੱਕੀ ਹੈ। ਆਮ ਆਦਮੀ ਪਾਰਟੀ ਦੀ ਦੂਜੀ ਸੂਚੀ ਤੋਂ ਬਾਅਦ ਪੰਜਾਬ ਦੀ ਰਾਜਨੀਤੀ ‘ਚ ਹਲਚਲ ਦੇਖਣ ਨੂੰ ਮਿਲ ਰਹੀ ਹੈ। ਪਾਰਟੀ ਨੇ ਹੈਰਾਨੀਜਨਕ ਫੈਸਲਾ ਲੈਂਦੇ ਹੋਏ ਆਪਣੇ ਸੂਬਾ ਪ੍ਰਧਾਨ ਅਤੇ ਦੋ ਨੰਬਰ ਦੇ ਮੰਤਰੀ ਦੀ ਟਿਕਟ ਅੱਜ ਤੱਕ ਐਲਾਨ ਨਹੀਂ ਕੀਤੀ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਦੋ ਨੰਬਰ ਦੇ ਮੰਤਰੀ ਹਰਪਾਲ ਸਿੰਘ ਚੀਮਾ ਦਾ ਵਿਧਾਨ ਸਭਾ ਹਲਕਾ ਬਦਲਿਆ ਜਾਵੇਗਾ। ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਾਜਕੁਮਾਰ ਚੱਬੇਵਾਲ ਅਤੇ ਉਹਨਾਂ ਦੇ ਬੇਟੇ ਇਸਾਂਕ ਚੱਬੇਵਾਲ ਨੂੰ ਵਿਧਾਨ ਸਭਾ ਦੀ ਟਿਕਟ ਦੇਣ ਦੇ ਕਾਰਨ ਆਮ ਆਦਮੀ ਪਾਰਟੀ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪਾ ਰਿਹਾ ਕਿਉਂਕਿ ‘ਆਪ’ ਪਰਿਵਾਰਵਾਦ ਦੀ ਰਾਜਨੀਤੀ ‘ਤੇ ਖ਼ੁਦ ਸਵਾਲ ਚੁੱਕਦੀ ਰਹੀ ਹੈ। ਦੂਜੇ ਪਾਸੇ ਬਰਨਾਲਾ ਹਲਕੇ ਤੋਂ ‘ਆਪ’ ਨੇ ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ ਨੂੰ ਵਿਧਾਨ ਸਭਾ ਦੀ ਟਿਕਟ ਦਿੱਤੀ ਹੈ। ਚੇਤੇ ਰਹੇ ਕਿ ਪਾਰਟੀ ਨੇ ਮੀਤ ਹੇਅਰ ਨੂੰ 2024 ‘ਚ ਲੋਕ ਸਭਾ ਦੀ ਟਿਕਟ ਦਿੱਤੀ ਜਿਸ ਵੇਲੇ ਉਹ ਪੰਜਾਬ ਕੈਬਨਿਟ ਵਿੱਚ ਚੋਟੀ ਦੇ ਮੰਤਰੀ ਸਨ। ਹੁਣ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਵਿਧਾਨ ਸਭਾ ਦੀ ਟਿਕਟ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਬਰਨਾਲਾ ‘ਚ ਪਾਰਟੀ ਨੂੰ ਫੇਰ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਭਾਵੇਂ ਪੰਜਾਬ ‘ਚ ਮਹਿਲਾਵਾਂ ਦੇ ਸਤਿਕਾਰ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ ਪ੍ਰੰਤੂ ਪਾਰਟੀ ਵੱਲੋਂ ਐਲਾਨੇ ਹੁਣ ਤੱਕ 71 ਉਮੀਦਵਾਰਾਂ ਦੀ ਸੂਚੀ ਵਿੱਚ ਸਿਰਫ਼ 9 ਮਹਿਲਾਵਾਂ ਨੂੰ ਹੀ ਟਿਕਟ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਨੇ ਹੁਣ ਤੱਕ ਸਭ ਤੋਂ ਵੱਧ ਉਮੀਦਵਾਰ ਦੁਆਬਾ ਖੇਤਰ ਵਿੱਚ ਐਲਾਨ ਕੀਤੇ ਹਨ। ‘ਆਪ’ ਨੇ ਦੁਆਬਾ ਖੇਤਰ ਵਿੱਚ 23 ਵਿਧਾਨ ਸਭਾ ਸੀਟਾਂ ਚੋਂ 19 ਉਮੀਦਵਾਰ ਐਲਾਨ ਦਿੱਤੇ ਹਨ ਜਦਕਿ ਮਾਝਾ ਦੀਆਂ 25 ਸੀਟਾਂ ਵਿੱਚੋਂ 15 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪ੍ਰੰਤੂ ਮਾਲਵਾ ਦੀਆਂ 69 ਸੀਟਾਂ ‘ਚ ਟਿਕਟਾਂ ਦੇਣ ਵੇਲੇ ਆਮ ਆਦਮੀ ਪਾਰਟੀ ਹੌਲੀ ਹੌਲੀ ਅੱਗੇ ਵੱਧ ਰਹੀ ਹੈ। ਆਮ ਆਦਮੀ ਪਾਰਟੀ ਨੇ ਮਾਲਵਾ ਦੀਆਂ 69 ਸੀਟਾਂ ਵਿੱਚੋਂ ਅਜੇ 37 ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਨੇ ਜਿੱਥੇ ਜੇਲ੍ਹ ਵਿੱਚ ਬੰਦ ਮੰਤਰੀ ਸੰਜੀਵ ਅਰੋੜਾ ਨੂੰ ਟਿਕਟ ਦੇ ਦਿੱਤੀ ਉੱਥੇ ਆਪਣੇ ਮੌਜੂਦਾ 12 ਮੰਤਰੀਆਂ ਦੀਆਂ ਟਿਕਟਾਂ ਅਜੇ ਐਲਾਨ ਨਹੀਂ ਕੀਤੀਆਂ ਹਨ ਅਤੇ ਦੂਜੀ ਸੂਚੀ ਤੱਕ ਆਪਣੀ ਇੱਕ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਟਿਕਟ ਵੀ ਉਹਨਾਂ ਦੇ ਹਲਕੇ ਤੋਂ ਕੱਟ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਆਪਣੀ ਦੂਜੀ ਸੂਚੀ ਐਲਾਨ ਕਰਨ ਤੱਕ ਜਿੱਥੇ ਕੁਰੱਪਸ਼ਨ ਦੇ ਕੇਸਾਂ ਵਿੱਚ ਫਸੇ ਹੋਏ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਹਨ ਉਥੇ ਦਲ ਬਦਲੂਆਂ ਨੂੰ ਵੀ ਟਿਕਟਾਂ ਨਾਲ ਨਿਵਾਜਿਆ ਹੈ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਲਈ ਅੱਧੇ ਤੋਂ ਵੱਧ ਉਮੀਦਵਾਰ ਐਲਾਨ ਕੀਤੇ ਜਾਣ ਤੋਂ ਬਾਅਦ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਉੱਪਰ ਦਬਾਅ ਪੈਣਾ ਸੁਭਾਵਿਕ ਹੈ ਅਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਇਹ ਪਾਰਟੀਆਂ ਵੀ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਜਲਦੀ ਕਰਨਗੀਆਂ।