ਚੰਡੀਗੜ੍ਹ, 8 ਸਤੰਬਰ, Gee98 News service
-ਪੰਜਾਬ ਸਰਕਾਰ ਨੇ ਚੁੱਪ ਚੁਪੀਤੇ ਬੱਸਾਂ ਦੇ ਕਿਰਾਏ ਵਿੱਚ ਵਾਧਾ ਕਰਕੇ ਆਮ ਲੋਕਾਂ ਦੀਆਂ ਜੇਬਾਂ ‘ਤੇ ਵੱਡਾ ਬੋਝ ਪਾ ਦਿੱਤਾ ਹੈ। ਇੱਥੇ ਇਹ ਕੋਈ ਦੱਸਣ ਵਾਲੀ ਗੱਲ ਨਹੀਂ ਕਿ ਬੱਸਾਂ ਦੇ ਵਿੱਚ ਮਜ਼ਦੂਰ ਵਰਗ ਜਾਂ ਆਮ ਲੋਕ ਹੀ ਸਫਰ ਕਰਦੇ ਹਨ, ਇਸ ਲਈ ਸਰਕਾਰ ਵੱਲੋਂ ਬੱਸਾਂ ਦੇ ਕਿਰਾਏ ਵਿੱਚ ਕੀਤੇ ਵਾਧੇ ਦਾ ਸਿੱਧਾ ਅਸਰ ਵੀ ਇਹਨਾਂ ਵਰਗਾਂ ਉੱਪਰ ਹੀ ਪਵੇਗਾ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਸਰਕਾਰ ਨੇ ਬਿਨਾਂ ਕੁਝ ਸੋਚੇ ਸਮਝੇ ਆਪਣਾ ਖਜ਼ਾਨਾ ਭਰਨ ਦੀ ਖਾਤਰ ਸਿੱਧਾ 23 ਪੈਸੇ ਪ੍ਰਤੀ ਕਿਲੋਮੀਟਰ ਤੱਕ ਦਾ ਵਾਧਾ ਕਰ ਦਿੱਤਾ ਹੈ। ਸਰਕਾਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਅਤੇ ਇਹ ਬੱਸ ਕਿਰਾਇਆ ਵਾਧਾ 8 ਸਤੰਬਰ ਤੋਂ ਲਾਗੂ ਵੀ ਹੋ ਚੁੱਕਿਆ ਹੈ। ਸਰਕਾਰ ਵੱਲੋਂ ਤੈਅ ਕੀਤੀਆਂ ਨਵੀਆਂ ਦਰਾਂ ਅਨੁਸਾਰ ਸਧਾਰਨ ਬੱਸ ਦਾ ਕਿਰਾਇਆ ਹੁਣ 1 ਰੁਪਏ 45 ਪੈਸੇ ਪ੍ਰਤੀ ਕਿਲੋਮੀਟਰ ਹੋਵੇਗਾ। ਸਧਾਰਨ HVAC ਬੱਸ ਦਾ ਕਿਰਾਇਆ 1 ਰੁਪਏ 74 ਪੈਸੇ ਪ੍ਰਤੀ ਕਿਲੋਮੀਟਰ ਹੋਵੇਗਾ। ਇਸ ਦੇ ਨਾਲ ਹੀ ਇੰਟੈਗਰਲ ਕੋਚ ਦਾ ਕਿਰਾਇਆ 2 ਰੁਪਏ 61 ਪੈਸੇ ਪ੍ਰਤੀ ਕਿਲੋਮੀਟਰ ਤੱਕ ਵਧਾਇਆ ਗਿਆ ਹੈ ਜਦ ਕਿ ਸੁਪਰ ਇੰਟੈਗਰਲ ਕੋਚ ਦਾ ਕਿਰਾਇਆ 2 ਰੁਪਏ 90 ਪੈਸੇ ਪ੍ਰਤੀ ਕਿਲੋਮੀਟਰ ਹੋਵੇਗਾ। ਸਭ ਤੋਂ ਹੈਰਾਨੀ ਇਸ ਗੱਲ ਦੀ ਹੈ ਕਿ ਸਰਕਾਰ ਨੇ ਘੱਟੋ ਘੱਟ ਕਿਰਾਇਆ 10 ਰੁਪਏ ਤੋਂ ਵਧਾ ਕੇ ਸਿੱਧਾ 15 ਰੁਪਏ ਕਰ ਦਿੱਤਾ ਹੈ ਭਾਵ ਕਿ ਜੇਕਰ ਤੁਸੀਂ ਇੱਕ ਵਾਰ ਬੱਸ ਵਿੱਚ ਚੜ੍ਹ ਕੇ ਭਾਵੇਂ 10 ਕਦਮਾਂ ‘ਤੇ ਉਤਰ ਜਾਵੋ ਤਾਂ ਘੱਟੋ ਘੱਟ 15 ਰੁਪਏ ਦੇਣੇ ਪੈਣਗੇ। ਸਰਕਾਰ ਦੇ ਇਸ ਫੈਸਲੇ ਦੀ ਮਜ਼ਦੂਰ ਜਥੇਬੰਦੀਆਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਮਜ਼ਦੂਰ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰ ਪਿਛਲੇ 30 ਮਹੀਨਿਆਂ ਤੋਂ ਲਗਾਤਾਰ ਮਜ਼ਦੂਰ ਵਿਰੋਧੀ ਫੈਸਲੇ ਲੈ ਰਹੀ ਹੈ।
