ਬਰਨਾਲਾ,11 ਮਾਰਚ (ਨਿਰਮਲ ਸਿੰਘ ਪੰਡੋਰੀ)-
-ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਬੰਧੀ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਦੌਰਾਨ ਕੈਬਨਿਟ ਮੰਤਰੀ ਮੀਤ ਹੇਅਰ ਦੀ ਟੀਮ ਨੇ ਕਮਰਕੱਸੇ ਕਸ ਲਏ ਹਨ । ਪਿਛਲੇ ਕੁਝ ਦਿਨਾਂ ਤੋਂ ਕੈਬਨਿਟ ਮੰਤਰੀ ਮੀਤ ਹੇਅਰ ਦੀ ਟੀਮ ਦੀਆਂ ਸਰਗਰਮੀਆਂ ਵਧੀਆਂ ਹੋਈਆਂ ਹਨ। ਬਰਨਾਲਾ ਖੇਤਰ ਵਿੱਚ ਮੀਤ ਹੇਅਰ ਦੀਆਂ ਸੱਜੀਆਂ ਖੱਬੀਆਂ ਬਾਹਵਾਂ ਵਜੋਂ ਵਿਚਰਨ ਵਾਲੇ ਆਗੂਆਂ ਦੀਆਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟਾਂ ਨੂੰ ਧਿਆਨ ਨਾਲ ਵਾਚਿਆ ਜਾਵੇ ਤਾਂ ਇਹ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ “ਤਿਆਰ-ਬਰ-ਤਿਆਰ” ਰਹਿਣ ਦਾ ਸੰਦੇਸ਼ ਦਿੰਦੀਆਂ ਹਨ। ਮੀਤ ਹੇਅਰ ਨੇ ਵੀ ਸਥਾਨਕ ਸਮਾਗਮਾਂ ਵਿੱਚ ਆਪਣੀ ਹਾਜ਼ਰੀ ‘ਚ ਵਾਧਾ ਕੀਤਾ ਹੈ। ਸਰਕਾਰ ਵੱਲੋਂ ਵੱਖ-ਵੱਖ ਵਰਗਾਂ ਨੂੰ ਜਾਰੀ ਕੀਤੀਆਂ ਗਰਾਂਟਾਂ ਦੇ ਚੈੱਕ ਖ਼ੁਦ ਮੰਤਰੀ ਜੀ ਵੱਲੋਂ ਹੀ ਦਿੱਤੇ ਜਾ ਰਹੇ ਹਨ, ਇੱਥੋਂ ਤੱਕ ਕਿ ਛੋਟੀਆਂ-ਛੋਟੀਆਂ ਗਲੀਆਂ ਨੂੰ ਇੰਟਰਲੌਕ ਟਾਈਲਾਂ ਨਾਲ ਪੱਕੀਆਂ ਕਰਨ ਦਾ ਨੀਂਹ ਪੱਥਰ ਵੀ ਖ਼ੁਦ ਮੰਤਰੀ ਜੀ ਹੀ ਰੱਖ ਰਹੇ ਹਨ। ਮੀਤ ਹੇਅਰ ਦੀ ਟੀਮ ਵੱਲੋਂ ਮੰਤਰੀ ਦੇ ਚਿਹਰੇ ਨੂੰ ਇੱਕ ਯੋਜਨਾਬੱਧ ਤਰੀਕੇ ਨਾਲ ਉਭਾਰਿਆ ਜਾ ਰਿਹਾ ਹੈ, ਜਿਸ ਨੂੰ ਚੋਣਾਂ ਦੀਆਂ ਤਿਆਰੀਆਂ ਦੇ ਪਰਿਪੇਖ ਵਜੋਂ ਵੇਖਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਜੇਤੂ ਚਿਹਰਿਆਂ ਨੂੰ ਮੈਦਾਨ ਵਿੱਚ ਉਤਾਰੇ ਜਾਣ ਦੇ ਐਲਾਨ ਤੋਂ ਬਾਅਦ ਵੀ ਉਮੀਦਵਾਰ ਦਾ ਗੁਣਾ ਮੀਤ ਹੇਅਰ ‘ਤੇ ਹੀ ਜ਼ਿਆਦਾ ਢੁਕਦਾ ਹੈ। ਜੇਕਰ ਵਿਰੋਧੀ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਸਿਮਰਨਜੀਤ ਸਿੰਘ ਮਾਨ, ਪਰਮਿੰਦਰ ਸਿੰਘ ਢੀਂਡਸਾ, ਦਲਵੀਰ ਸਿੰਘ ਗੋਲਡੀ, ਬੀਬੀ ਰਾਜਿੰਦਰ ਕੌਰ ਭੱਠਲ, ਕਾਲਾ ਢਿੱਲੋਂ (ਸਾਰੇ ਚਰਚਾ ਅਨੁਸਾਰ) ਦੇ ਮੁਕਾਬਲੇ ਮੀਤ ਹੇਅਰ ਕਮਜ਼ੋਰ ਉਮੀਦਵਾਰ ਨਹੀਂ ਹੈ। ਦੂਜੇ ਪਾਸੇ ਇਹ ਵੀ ਸਪੱਸ਼ਟ ਹੈ ਕਿ ਆਪਣਾ ਜੱਦੀ ਹਲਕਾ ਹੋਣ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਹਲਕਾ ਸੰਗਰੂਰ ਤੋਂ ਕੋਈ ਰਿਸਕ ਮੁੱਲ ਨਹੀਂ ਲੈਣਾ ਚਾਹੁਣਗੇ ਕਿਉਂਕਿ ਜਿਮਨੀ ਚੋਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲਾਂ ਹੀ ਸਿਆਸੀ ਫਜ਼ੀਹਤ ਦਾ ਸਾਹਮਣਾ ਕਰਨਾ ਪਿਆ ਸੀ। ਇਸ ਲਈ ਸੰਗਰੂਰ ਸੀਟ ਤੋਂ ਉਮੀਦਵਾਰ ਦਾ ਫੈਸਲਾ ਕਰਦੇ ਸਮੇਂ ਜੇਤੂ ਚਿਹਰੇ ਦੇ ਸਿਆਸੀ ਸਿਧਾਂਤ ਨੂੰ ਮੁੱਖ ਮੰਤਰੀ ਬਾਕੇ ਸਾਰੀਆਂ ਗੱਲਾਂ ਨਾਲੋਂ ਪਹਿਲਾਂ ਰੱਖਣਗੇ ਕਿਉਂਕਿ ਇਹ ਸਪੱਸ਼ਟ ਹੈ ਕਿ ਜੇਕਰ ਸੰਗਰੂਰ ਸੀਟ ਤੋਂ ਆਮ ਆਦਮੀ ਪਾਰਟੀ ਲਈ ਕੋਈ ਉੱਨੀ-ਇੱਕੀ ਹੋ ਜਾਂਦੀ ਹੈ ਤਾਂ ਬਾਕੀ ਸਾਰਾ ਪੰਜਾਬ ਜਿੱਤਣ ਤੋਂ ਬਾਅਦ ਵੀ ਮੁੱਖ ਮੰਤਰੀ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਕਿਤੇ-ਕਿਤੇ, ਵਿੱਚ-ਵਿਚਾਲੇ ਚਰਚਾ ਇਹ ਵੀ ਸੁਣਨ ਨੂੰ ਮਿਲਦੀ ਹੈ ਕਿ ਮੁੱਖ ਮੰਤਰੀ ਖ਼ੁਦ ਸੰਗਰੂਰ ਸੀਟ ਤੋਂ ਕਿਸੇ ਸੈਲੀਬ੍ਰਿਟੀ ਨੂੰ ਮੈਦਾਨ ਵਿੱਚ ਉਤਾਰਨ ਦੇ ਚਾਹਵਾਨ ਹਨ। ਇਹਨਾਂ ਚਰਚਾਵਾਂ ਦੇ ਦੌਰਾਨ ਮੀਤ ਹੇਅਰ ਦੀ ਵਧੀ ਹੋਈ ਸਰਗਰਮੀ ਅਤੇ ਉਹਨਾਂ ਦੀ ਟੀਮ ਦੇ ਭਾਵਪੂਰਤ ਸੁਨੇਹੇ ਇਹ ਸੰਕੇਤ ਦੇ ਰਹੇ ਹਨ ਕਿ ਜੇਕਰ ਆਮ ਆਦਮੀ ਪਾਰਟੀ ਸੰਗਰੂਰ ਹਲਕੇ ਤੋਂ ਕਿਸੇ ਸੈਲੀਬ੍ਰਿਟੀ ਦੀ ਚੋਣ ਨਹੀਂ ਕਰੇਗੀ ਤਾਂ ਸੰਭਵ ਹੈ ਕਿ ਪਾਰਟੀ ਮੀਤ ਹੇਅਰ ‘ਤੇ ਦਾਅ ਖੇਡਣਾ ਚਾਹੇਗੀ।