ਚੰਡੀਗੜ੍ਹ,10 ਮਾਰਚ, Gee98 news service
-ਲੋਕ ਸਭਾ ਚੋਣਾਂ ਦੇ ਐਲਾਨ ਹੋਣ ਤੋਂ ਐਨ ਪਹਿਲਾਂ ਵਾਪਰੀ ਇੱਕ ਵੱਡੀ ਘਟਨਾ ਤਹਿਤ ਭਾਰਤ ਦੇ ਚੋਣ ਕਮਿਸ਼ਨਰ ਅਰੁਣ ਗੋਇਲ ਨੇ ਅਸਤੀਫਾ ਦੇ ਦਿੱਤਾ ਹੈ, ਜਿਸ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਮਨਜ਼ੂਰ ਵੀ ਕਰ ਲਿਆ ਗਿਆ ਹੈ। ਉਨ੍ਹਾਂ ਦੇ ਅਹੁਦੇ ਦੀ ਮਿਆਦ 2027 ਤੱਕ ਸੀ।ਭਾਰਤੀ ਚੋਣ ਕਮਿਸ਼ਨ ਕੋਲ ਪਹਿਲਾਂ ਹੀ ਇੱਕ ਆਸਾਮੀ ਖਾਲੀ ਸੀ ਅਤੇ ਹੁਣ ਸਿਰਫ਼ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਕੋਲ ਹੀ ਜ਼ਿੰਮੇਵਾਰੀ ਰਹਿ ਜਾਵੇਗੀ। ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅਗਲੇ ਹਫਤੇ ਹੋਣ ਦੀ ਸੰਭਾਵਨਾ ਹੈ। ਸ਼੍ਰੀ ਗੋਇਲ ਵੱਲੋਂ ਅਸਤੀਫ਼ਾ ਦੇਣ ਲਈ ਚੁਣੇ ਗਏ ਸਮੇਂ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਸ੍ਰੀ ਗੋਇਲ, 1985 ਬੈਚ ਦੇ ਆਈਏਐਸ ਅਧਿਕਾਰੀ ਨੇ 18 ਨਵੰਬਰ, 2022 ਨੂੰ ਸਵੈਇੱਛਤ ਸੇਵਾਮੁਕਤੀ ਲੈ ਲਈ ਸੀ ਅਤੇ ਇੱਕ ਦਿਨ ਬਾਅਦ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਨਿਯੁਕਤੀ ਨੂੰ ਸੁਪਰੀਮ ਕੋਰਟ ਵਿੱਚ ਵੀ ਚੁਣੌਤੀ ਦਿੱਤੀ ਗਈ ਸੀ।