ਚੰਡੀਗੜ, 27 ਫਰਵਰੀ, Gee98 news service
- ਲੜਾਈ-ਝਗੜਿਆਂ ਵਿੱਚ ਜ਼ਖ਼ਮੀ ਹੋਏ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਹੋਣ ਵਾਲੇ ਜ਼ਖਮੀਆਂ ਦੀ ਡਾਕਟਰਾਂ ਵੱਲੋਂ ਜ਼ਖਮੀਆਂ ਦੀਆਂ ਸੱਟਾਂ ਦੇ ਅਧਾਰ ‘ਤੇ ਤਿਆਰ ਕੀਤੀ ਜਾਂਦੀ ਮੈਡੀਕੋ ਲੀਗਲ ਰਿਪੋਰਟ (MLR) ਬਾਰੇ ਅਕਸਰ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਹੁੰਦੀਆਂ ਰਹਿੰਦੀਆਂ ਹਨ । ਇਸ ਮੇਡੀਕੋ ਲੀਗਲ ਰਿਪੋਰਟ ਦੇ ਆਧਾਰ ‘ਤੇ ਹੀ ਪੁਲਿਸ ਕਾਨੂੰਨੀ ਕਾਰਵਾਈ ਕਰਦੀ ਹੈ ਅਤੇ ਇਹ ਮੈਡੀਕੋ ਲੀਗਲ ਰਿਪੋਰਟ ਅਦਾਲਤ ਵਿੱਚ ਕੇਸ ਚੱਲਣ ਦੌਰਾਨ ਅਹਿਮ ਸਬੂਤ ਮੰਨਿਆ ਜਾਂਦਾ ਹੈ। ਕਈ ਮਾਮਲੇ ਅਜਿਹੇ ਸਾਹਮਣੇ ਆਏ ਹਨ ਜਿੱਥੇ ਡਾਕਟਰ ਪੈਸੇ ਲੈ ਕੇ ਵੱਧ ਘੱਟ ਸੱਟਾਂ ਦੀ ਮੈਡੀਕਲ ਰਿਪੋਰਟ ਤਿਆਰ ਕਰਦੇ ਹਨ। ਅਜਿਹੇ ਇਕ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਸਿਵਲ ਹਸਪਤਾਲ ਬਠਿੰਡਾ ਵਿਖੇ ਤਾਇਨਾਤ ਡਾਕਟਰ ਨਰਿੰਦਰਪਾਲ ਸਿੰਘ ਮੈਡੀਕਲ ਅਫਸਰ ਅਤੇ ਰਾਮ ਸਿੰਘ ਉਰਫ਼ ਟੀਨੂ ਨਾਂ ਦੇ ਸਫਾਈ ਸੇਵਕ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਉਪਰੋਕਤ ਮੁਲਜ਼ਮਾਂ ਖ਼ਿਲਾਫ਼ ਪਿੰਡ ਗੁਰੂਸਰ ਸਹਿਣੇ ਵਾਲਾ, ਜ਼ਿਲ੍ਹਾ ਬਠਿੰਡਾ ਦੇ ਵਸਨੀਕ ਨਿਰਮਲ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਮੁਲਜ਼ਮਾਂ ਨੇ ਇੱਕ ਝਗੜੇ ਵਿੱਚ ਜ਼ਖਮੀ ਹੋਏ ਉਸ ਦੇ ਨੌਕਰ ਦੀ ਮੈਡੀਕੋ ਲੀਗਲ ਰਿਪੋਰਟ (MLR) ਜਾਰੀ ਕਰਨ ਬਦਲੇ 12,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਪਰ 10,000 ਰੁਪਏ ਦੀ ਰਿਸ਼ਵਤ ਦੇਣ ਦਾ ਸੌਦਾ ਤੈਅ ਹੋਇਆ ਹੈ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਉਕਤ ਦੋਵੇਂ ਮੁਲਜ਼ਮ ਪਹਿਲਾਂ ਇਸ ਸਬੰਧੀ 5 ਹਜ਼ਾਰ ਰੁਪਏ ਮੌਕੇ ‘ਤੇ ਹੀ ਲੈ ਚੁੱਕੇ ਹਨ ਅਤੇ ਰਿਸ਼ਵਤ ਦੀ ਬਾਕੀ ਰਕਮ ਮੰਗ ਰਹੇ ਹਨ। ਵਿਜੀਲੈਂਸ ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁਢਲੀ ਜਾਂਚ ਤੋਂ ਬਾਅਦ ਬਠਿੰਡਾ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਵਿੱਚ ਉਕਤ ਮੈਡੀਕਲ ਅਫਸਰ ਅਤੇ ਸਫਾਈ ਸੇਵਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5,000 ਰੁਪਏ ਦੀ ਰਿਸ਼ਵਤ ਦੀ ਦੂਜੀ ਕਿਸ਼ਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਵਿਜੀਲੈਂਸ ਬਿਓਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ।