ਚੰਡੀਗੜ੍ਹ, 27 ਜਨਵਰੀ-ਆਪਣੇ-ਆਪ ਨੂੰ ‘ਕੁਆਰਾ’ ਦੱਸ ਕੇ ਤਿੰਨ ਵਿਆਹ ਕਰਵਾਉਣ ਵਾਲੇ ਇੱਕ ਮਜਨੂੰ ਦੇ ਖ਼ਿਲਾਫ਼ ਪਟਿਆਲਾ ਪੁਲਿਸ ਨੇ ਕੇਸ ਦਰਜ ਕੀਤਾ ਹੈ। ਦੋਸ਼ੀ ਵਿਅਕਤੀ ਕਰਨਪ੍ਰੀਤ ਸਿੰਘ ਪਟਿਆਲਾ ਦੀ ਪ੍ਰੋਫੈਸਰ ਕਾਲੋਨੀ ਦਾ ਰਹਿਣ ਵਾਲਾ ਹੈ ਜਿਸ ਦੀ ਤੀਜੀ ਪਤਨੀ ਰਵਿੰਦਰ ਕੌਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੇ ਆਪਣੀ ਪਹਿਲੀ ਪਤਨੀ ਨਾਲ ਤਲਾਕ ਦੀ ਪ੍ਰਕਿਰਿਆ ਦੇ ਦੌਰਾਨ ਹੀ ਦੂਜੀ ਸ਼ਾਦੀ ਕਰ ਲਈ ਅਤੇ ਫਿਰ ਦੂਜੀ ਪਤਨੀ ਦੇ ਹੁੰਦੇ ਹੋਏ ਤੀਜੀ ਸ਼ਾਦੀ ਵੀ ਕਰ ਲਈ, ਜਦੋਂ ਇਸ ਚਾਲਬਾਜ਼ੀ ਦਾ ਤੀਜੀ ਪਤਨੀ ਨੂੰ ਪਤਾ ਲੱਗਿਆ ਤਾਂ ਉਸਨੇ ਮਹਿਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਿਸ ‘ਤੇ ਪੰਜ ਮਹੀਨਿਆਂ ਦੀ ਪੜ੍ਹਤਾਲ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ। ਪੁਲਿਸ ਅਨੁਸਾਰ ਜਨਵਰੀ 2023 ਵਿੱਚ ਦੋਸ਼ੀ ਨੇ ਤੀਜੀ ਸ਼ਾਦੀ ਕੀਤੀ ਅਤੇ ਜੂਨ 2023 ਵਿੱਚ ਹੀ ਉਸਦੀ ਤੀਜੀ ਪਤਨੀ ਨੂੰ ਉਸ ਦੀ ਅਸਲੀਅਤ ਦਾ ਪਤਾ ਲੱਗਿਆ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਤੀਜੀ ਪਤਨੀ ਰਵਿੰਦਰ ਕੌਰ ਨੇ ਦੱਸਿਆ ਕਿ “ਉਸਦੇ ਪਤੀ ਨੇ ਪਹਿਲੀ ਸ਼ਾਦੀ 2012 ਵਿੱਚ ਕੀਤੀ ਸੀ ਅਤੇ 7 ਸਾਲ ਬਾਅਦ ਉਸਨੇ ਤਲਾਕ ਲੈ ਲਿਆ ਪਰੰਤੂ ਤਲਾਕ ਦੀ ਕੇਸ ਦੇ ਦੌਰਾਨ ਹੀ ਉਸ ਨੇ ਦੂਜੀ ਪਤਨੀ ਨੂੰ ਪਿਆਰ ਜਾਲ ਵਿੱਚ ਫਸਾਇਆ ਤੇ ਉਸ ਨਾਲ ਦੂਜੀ ਸ਼ਾਦੀ ਕਰ ਲਈ। ਰਵਿੰਦਰ ਕੌਰ ਨੇ ਦੱਸਿਆ ਕਿ “ਦੂਜੀ ਪਤਨੀ ਦੇ ਹੁੰਦੇ ਹੋਏ ਉਸਨੇ ਮੈਨੂੰ ਆਪਣੇ ਪਿਆਰ ਜਾਲ ਵਿੱਚ ਵਸਾਇਆ ਅਤੇ ਖੁਦ ਨੂੰ ਕੁਆਰਾ ਦੱਸ ਕੇ ਮੇਰੇ ਨਾਲ ਕਰੀਬ ਇੱਕ ਸਾਲ ਰਿਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ ਉਸਨੇ (ਰਵਿੰਦਰ ਨਾਲ) ਤੀਜੀ ਸ਼ਾਦੀ ਕਰ ਲਈ। ਜਦ ਦੋਸ਼ੀ ਕਰਨਪ੍ਰੀਤ ਦੀ ਤੀਜੀ ਸ਼ਾਦੀ ਦਾ ਪਤਾ ਉਸਦੀ ਦੂਜੀ ਪਤਨੀ ਨੂੰ ਲੱਗਿਆ ਤਾਂ ਦੂਜੀ ਪਤਨੀ ਨੇ ਲੁਧਿਆਣਾ ਵਿਖੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ। ਦੂਜੀ ਪਤਨੀ ਵੱਲੋਂ ਪੁਲਿਸ ਨੂੰ ਦਿੱਤੀ ਇਸ ਸ਼ਿਕਾਇਤ ਦੀ ਸੁਣਵਾਈ ਦੌਰਾਨ ਲੁਧਿਆਣਾ ਪੁਲਿਸ ਵੱਲੋਂ ਕਰਨਪ੍ਰੀਤ ਨੂੰ ਭੇਜਿਆ ਗਿਆ ਨੋਟਿਸ ਉਸਦੀ ਤੀਜੀ ਪਤਨੀ ਰਵਿੰਦਰ ਕੌਰ ਦੇ ਕਿਸੇ ਤਰ੍ਹਾਂ ਹੱਥ ਲੱਗ ਗਿਆ ਜਿਸ ਤੋਂ ਬਾਅਦ ਕਰਨਪ੍ਰੀਤ ਦੀ ਮਜਨੂੰਬਾਜ਼ੀ ਦਾ ਪਤਾ ਲੱਗਿਆ ਤੇ ਤੀਜੀ ਪਤਨੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਪਟਿਆਲਾ ਪੁਲਿਸ ਨੂੰ ਇਸ ਸ਼ਿਕਾਇਤ ਦੀ ਪੜਤਾਲ ਕਰਨ ਵਿੱਚ ਪੰਜ ਮਹੀਨੇ ਦਾ ਸਮਾਂ ਲੱਗਿਆ, ਪੁਲਿਸ ਨੇ ਇਸ ਮਾਮਲੇ ਵਿੱਚ ਗਹਿਰੀ ਜਾਂਚ ਕੀਤੀ ਅਤੇ ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ ਤਿੰਨ ਵਿਆਹ ਕਰਵਾਉਣ ਵਾਲੇ ਦੋਸ਼ੀ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕੀਤਾ।