ਚੰਡੀਗੜ੍ਹ,24 ਜਨਵਰੀ-ਚੇਲਾ ਜਦੋਂ ਬਾਬੇ ਨਾਲ ਨਾਰਾਜ਼ ਹੋ ਕੇ ਬਾਬੇ ਦਾ ਸਾਥ ਛੱਡ ਗਿਆ ਤਾਂ ਬਾਬੇ ਨੇ ਚੇਲੇ ਦੇ ਪਾਸਪੋਰਟ ‘ਤੇ ਆਪਣੇ ਕਿਸੇ ਹੋਰ ਚੇਲੇ ਨੂੰ ਵਿਦੇਸ਼ ਭੇਜ ਦਿੱਤਾ। ਕੁਝ ਦਿਨਾਂ ਬਾਅਦ ਜਦ ਚੇਲੇ ਨੇ ਬਾਬੇ ਤੋਂ ਆਪਣਾ ਪਾਸਪੋਰਟ ਮੰਗਿਆ ਤਾਂ ਬਾਬੇ ਨੇ ਕਿਹਾ ਕਿ ‘ਤੇਰਾ ਪਾਸਪੋਰਟ ਗੁੰਮ ਹੋ ਗਿਆ ਹੈ’, ਮਾਮਲਾ ਸ਼ੱਕੀ ਜਾਪਣ ‘ਤੇ ਜਦ ਚੇਲੇ ਨੇ ਬਾਬੇ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਤਾਂ ਪੜ੍ਹਤਾਲ ਦੌਰਾਨ ਅਸਲ ਕਹਾਣੀ ਸਾਹਮਣੇ ਆਈ। ਸ਼ਿਕਾਇਤਕਰਤਾ ਚੇਲੇ ਜੁਝਾਰ ਸਿੰਘ ਵਾਸੀ ਚਮਕੌਰ ਸਾਹਿਬ ਨੇ ਦੱਸਿਆ ਕਿ ਉਹ ਬਾਬਾ ਬਲਵਿੰਦਰ ਸਿੰਘ ਦੇ ਨਾਲ ਨਾਨਕਸਰ ਠਾਠ ਪਿੰਡ ਸਿੰਘਾਪੁਰ ਕੁਰਾਲੀ ‘ਚ ਜਥੇ ਦੇ ਨਾਲ ਕੀਰਤਨ ਕਰਦਾ ਸੀ ਅਤੇ ਉੱਥੇ ਹੀ ਰਹਿੰਦਾ ਸੀ। ਉਹ ਬਾਬਾ ਬਲਵਿੰਦਰ ਸਿੰਘ ਦੇ ਨਾਲ ਕੀਰਤਨੀ ਜਥੇ ਵਿੱਚ ਕਈ ਵਾਰ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਜਾ ਚੁੱਕਿਆ ਹੈ। ਜੁਝਾਰ ਸਿੰਘ ਨੇ ਦੱਸਿਆ ਕਿ ਉਸਦੇ ਪਾਸਪੋਰਟ ਸਮੇਤ ਕਈ ਦਸਤਾਵੇਜ਼ ਬਾਬਾ ਬਲਵਿੰਦਰ ਸਿੰਘ ਆਪਣੇ ਕੋਲ ਹੀ ਰੱਖਦਾ ਸੀ। ਉਸਨੇ ਕਿਹਾ ਕਿ ਕੁਝ ਕਾਰਨਾਂ ਕਰਕੇ ਉਸਨੇ ਬਾਬੇ ਦਾ ਸਾਥ ਛੱਡ ਦਿੱਤਾ ਅਤੇ ਆਪਣੇ ਘਰ ਆ ਗਿਆ, ਫਿਰ ਜਦ ਉਸਨੇ ਬਾਬੇ ਤੋਂ ਆਪਣਾ ਪਾਸਪੋਰਟ ਮੰਗਿਆ, ਪਹਿਲਾਂ ਤਾਂ ਬਾਬਾ ਲਾਰੇ ਲਗਾਉਂਦਾ ਰਿਹਾ ਤੇ ਇੱਕ ਦਿਨ ਬਾਬੇ ਨੇ ਆਖ ਦਿੱਤਾ ਕਿ “ਤੇਰਾ ਪਾਸਪੋਰਟ ਕਿਧਰੇ ਗੁੰਮ ਹੋ ਗਿਆ ਹੈ”। ਜਿਸ ਤੋਂ ਬਾਅਦ ਜੁਝਾਰ ਸਿੰਘ ਨੇ ਆਪਣਾ ਪਾਸਪੋਰਟ ਬਾਬੇ ਦੇ ਕਬਜ਼ੇ ਚੋਂ ਗੁੰਮ ਹੋਣ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਪੜ੍ਹਤਾਲ ਦੌਰਾਨ ਸਾਹਮਣੇ ਆਇਆ ਕਿ ਜੁਝਾਰ ਸਿੰਘ ਦਾ ਪਾਸਪੋਰਟ ਗੁੰਮ ਨਹੀਂ ਹੋਇਆ ਸਗੋਂ ਬਾਬਾ ਬਲਵਿੰਦਰ ਸਿੰਘ ਨੇ ਉਸਦੇ ਪਾਸਪੋਰਟ ਦੀ ਦੁਰਵਰਤੋਂ ਕਰਕੇ ਆਪਣੇ ਦੂਜੇ ਚੇਲੇ ਹਰਪ੍ਰੀਤ ਸਿੰਘ ਨੂੰ ਕੈਨੇਡਾ ਭੇਜ ਦਿੱਤਾ ਹੈ। ਪੁਲਿਸ ਥਾਣਾ ਕੁਰਾਲੀ ਦੇ ਤਫਤੀਸ਼ੀ ਅਫ਼ਸਰ ਸਬ ਇੰਸਪੈਕਟਰ ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਕੇਸ ਦਰਜ ਕੀਤਾ ਗਿਆ ਹੈ ਤੇ ਬਾਬਾ ਬਲਵਿੰਦਰ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਹੈ। ਤਫ਼ਤੀਸ਼ੀ ਅਫ਼ਸਰ ਨੇ ਦੱਸਿਆ ਕਿ ਇਸ ਮਾਮਲੇ ‘ਚ ਹਰਪ੍ਰੀਤ ਸਿੰਘ ਤੋਂ ਵੀ ਪੁੱਛਕਿਛ ਕੀਤੀ ਜਾ ਰਹੀ ਹੈ ਤੇ ਕੈਨੇਡੀਅਨ ਅੰਬੈਂਸੀ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ।