- ED ਅਨੁਸਾਰ ਆਮਦਨ/ਖਰਚ ਦੇ ਵੇਰਵੇ ‘ਚ ਦਾੜੀ ਨਾਲੋਂ ਮੁੱਛਾਂ ਵਧੀਆਂ
ਚੰਡੀਗੜ੍ਹ,16 ਜਨਵਰੀ-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਈਡੀ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਾਧੂ ਸਿੰਘ ਧਰਮਸੋਤ ਨੂੰ ਈਡੀ ਨੇ ਆਪਣੇ ਜਲੰਧਰ ਦਫ਼ਤਰ ਮਨੀ ਲਾਂਡਰਿੰਗ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਸੀ ਜਿੱਥੇ ਸਵਾਲਾਂ ਦੇ ਜਵਾਬ ਤਸੱਲੀਬਖਸ਼ ਨਾ ਦੇਣ ਕਰਕੇ ਈਡੀ ਨੇ ਧਰਮਸੋਤ ਦੀ ਗ੍ਰਿਫ਼ਤਾਰੀ ਪਾ ਦਿੱਤੀ ਹੈ। ਸੂਤਰਾਂ ਅਨੁਸਾਰ ਈਡੀ ਨੇ ਸੋਮਵਾਰ 5 ਵਜੇ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ ਅਤੇ ਰਾਤ ਵੇਲੇ ਹੀ ਉਹਨਾਂ ਦਾ ਮੈਡੀਕਲ ਕਰਵਾਇਆ। ਜ਼ਿਕਰਯੋਗ ਹੈ ਕਿ ਨਵੰਬਰ 2023 ਵਿੱਚ ਈਡੀ ਨੇ ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਸੰਗਤ ਸਿੰਘ ਗਿਲਜੀਆਂ ਅਤੇ ਜੰਗਲਾਤ ਵਿਭਾਗ ਵੀ ਕੁਝ ਠੇਕੇਦਾਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਵੀ ਕੀਤੀ ਸੀ। ਈਡੀ ਦੇ ਅਧਿਕਾਰੀਆਂ ਅਨੁਸਾਰ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਸੀ ਕਿ 1 ਮਾਰਚ 2016 ਤੋਂ 31 ਮਾਰਚ 2022 ਤੱਕ ਦੇ ਸਮੇਂ ਦੀ ਪੜ੍ਹਤਾਲ ਦੌਰਾਨ ਸਾਬਕਾ ਮੰਤਰੀ ਅਤੇ ਉਹਨਾਂ ਦੇ ਪਰਿਵਾਰ ਦੀ ਆਮਦਨ 2.37 ਕਰੋੜ ਰੁਪਏ ਸੀ, ਜਦਕਿ ਇਸ ਸਮੇਂ ਦੌਰਾਨ ਉਨਾਂ ਦਾ ਖਰਚਾ 8.76 ਕਰੋੜ ਸੀ ਜੋ ਉਹਨਾਂ ਦੀ ਆਮਦਨ ਤੋਂ 6.39 ਕਰੋੜ ਰੁਪਏ ਜ਼ਿਆਦਾ ਨਿਕਲਿਆ। ਇਸ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਨੇ ਵੀ ਸਾਧੂ ਸਿੰਘ ਧਰਮਸੋਤ ਨੂੰ ਦੋ ਵਾਰੀ ਗ੍ਰਿਫ਼ਤਾਰ ਕੀਤਾ ਤੇ ਉਹ ਕਈ ਮਹੀਨੇ ਜੇਲ੍ਹ ਵਿੱਚ ਵੀ ਰਹੇ ਹਨ। ਈਡੀ ਨੇ ਪੰਜਾਬ ਵਿਜੀਲੈਂਸ ਬਿਊਰੋ ਤੋਂ ਵੀ ਧਰਮਸੋਤ ਦੇ ਮਾਮਲੇ ਸਬੰਧੀ ਦਸਤਾਵੇਜ਼ ਲਏ ਹਨ। ਸਾਧੂ ਸਿੰਘ ਧਰਮਸੋਤ ਉਪਰ ਜੰਗਲਾਤ ਮੰਤਰੀ ਹੁੰਦੇ ਹੋਏ ਵੱਡੇ ਘਪਲੇ ਦੇ ਦੋਸ਼ ਹਨ, ਇਸ ਤੋਂ ਇਲਾਵਾ ਉਹਨਾਂ ‘ਤੇ ਵੀ ਵਜ਼ੀਫ਼ਾ ਘਪਲੇ ਦੇ ਦੋਸ਼ ਵੀ ਲੱਗੇ ਹਨ।