ਚੰਡੀਗੜ੍ਹ,1 ਜਨਵਰੀ-ਇਸ ਵਾਰ ਗਣਤੰਤਰ ਦਿਵਸ ਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਝਾਕੀ ਰੱਦ ਕਰਨ ਤੋਂ ਬਾਅਦ ਇਹ ਮਾਮਲਾ ਠੰਡਾ ਹੋਣ ਦੀ ਬਜਾਏ ਹੋਰ ਭੱਖਦਾ ਜਾ ਰਿਹਾ ਹੈ। ਇਸ ਸਬੰਧੀ ਚਾਰੇ ਪਾਸੇ ਤੋਂ ਆਲੋਚਨਾ ਹੋਣ ਮਗਰੋਂ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਅੱਗੇ ਨਵਾਂ ਬਦਲ ਪੇਸ਼ ਕਰਨਾ ਪਿਆ। ਕੇਂਦਰੀ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਪੰਜਾਬ ਦੀ ਝਾਕੀ ਨੂੰ “ਭਾਰਤ ਪਰਵ 23 ਤੋਂ 31 ਜਨਵਰੀ” ਦੌਰਾਨ ਲਾਲ ਕਿਲ੍ਹੇ ਲਈ ਭੇਜ ਦਿੱਤਾ ਜਾਵੇ। ਪ੍ਰੰਤੂ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਇਸ ਪ੍ਰਸਤਾਵ ਨੂੰ ਨਾ ਮਨਜ਼ੂਰ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀ ‘ਨਾ-ਮਨਜ਼ੂਰ ਸ਼੍ਰੇਣੀ’ ਵਿੱਚ ਉਹ ਝਾਕੀ ਨਹੀਂ ਭੇਜਣਗੇ ਅਤੇ ਨਾ ਹੀ ਉਨ੍ਹਾਂ ਨੂੰ ਦੇਸ਼ ਦੇ ਸ਼ਹੀਦਾਂ ਬਾਰੇ ਭਾਜਪਾ ਕੋਲੋਂ ਐੱਨਓਸੀ ਲੈਣ ਦੀ ਕੋਈ ਲੋੜ ਹੈ। ਮੁੱਖ ਮੰਤਰੀ ਨੇ ਜਾਰੀ ਬਿਆਨ ਵਿੱਚ ਕਿਹਾ ਹੈ, ”ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਮਾਈ ਭਾਗੋ, ਗ਼ਦਰੀ ਬਾਬਿਆਂ ਸਮੇਤ ਮਹਾਨ ਸ਼ਹੀਦਾਂ ਨੂੰ ਰੱਦ ਕੀਤੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾ ਸਕਦਾ। ਕੇਂਦਰ ਸਰਕਾਰ ਅਜਿਹਾ ਕਰ ਕੇ ਇਨ੍ਹਾਂ ਨਾਇਕਾਂ ਦੇ ਮਹਾਨ ਯੋਗਦਾਨ ਤੇ ਕੁਰਬਾਨੀਆਂ ਦਾ ਮਹੱਤਵ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।” ਮੁੱਖ ਮੰਤਰੀ ਨੇ ਕਿਹਾ ਹੈ, ”ਇਹ ਕਦਮ ਸਾਡੇ ਮਹਾਨ ਦੇਸ਼ ਭਗਤਾਂ ਤੇ ਕੌਮੀ ਨੇਤਾਵਾਂ ਦਾ ਘੋਰ ਨਿਰਾਦਰ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।” ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ 30 ਦਸੰਬਰ ਨੂੰ ਇਕ ਪੱਤਰ ਲਿਖ ਕੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਗਣਤੰਤਰ ਦਿਵਸ ਦੀ ਪਰੇਡ ਲਈ ਸੂਬਿਆਂ ਨਾਲ ਕੀਤੇ ਐਮਓਯੂ ਦੇ ਕਲਾਜ਼-8 ਮੁਤਾਬਕ ਸੂਬਾ ਹੋਵੇ ਜਾਂ ਯੂਟੀ ਜਿਸ ਦੀ ਗਣਤੰਤਰ ਦਿਵਸ ਦੀ ਪਰੇਡ ਲਈ ਚੋਣ ਨਹੀਂ ਹੁੰਦੀ ਹੈ, ਉਸ ਸੂਬੇ ਜਾਂ ਯੂਟੀ ਨੂੰ 23 ਤੋਂ 31 ਜਨਵਰੀ ਦੌਰਾਨ ਨਵੀਂ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਹੋਣ ਵਾਲੇ ‘ਭਾਰਤ ਪਰਵ’ ਵਿੱਚ ਝਾਕੀ ਦਿਖਾਉਣ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪਰਵ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸਿੱਧ ਪਕਵਾਨ, ਰਵਾਇਤਾਂ, ਵਸਤਾਂ, ਦਸਤਕਾਰੀ ਤੇ ਤਿਉਹਾਰਾਂ ‘ਤੇ ਆਧਾਰਿਤ ਹੁੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਆਪਣੀਆਂ ਝਾਕੀਆਂ ਨਹੀਂ ਭੇਜੇਗਾ ਕਿਉਂਕਿ ਦੇਸ਼ ਦੇ ਸ਼ਹੀਦਾਂ ਨੂੰ ਭਾਜਪਾ ਤੋਂ ਐੱਨਓਸੀ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ, ”ਇਹ ਸ਼ਹੀਦ ਸਾਡੇ ਨਾਇਕ ਹਨ ਅਤੇ ਇਨ੍ਹਾਂ ਯੋਧਿਆਂ ਵੱਲੋਂ ਮੁਲਕ ਲਈ ਕੀਤੀਆਂ ਗਈਆਂ ਲਾਮਿਸਾਲ ਕੁਰਬਾਨੀਆਂ ਵਾਸਤੇ ਦੇਸ਼ ਉਨ੍ਹਾਂ ਦਾ ਹਮੇਸ਼ਾ ਰਿਣੀ ਰਹੇਗਾ।” ਦਰਅਸਲ ਪੰਜਾਬ ਤੇ ਪੱਛਮੀ ਬੰਗਾਲ ਦੀ ਝਾਕੀ ਨੂੰ ਗਣਤੰਤਰ ਦਿਵਸ ਸਬੰਧੀ ਕੌਮੀ ਪਰੇਡ ‘ਚੋਂ ਬਾਹਰ ਕੀਤੇ ਜਾਣ ਮਗਰੋਂ ਸਿਆਸਤ ਭਖ ਗਈ ਹੈ।
ਫੋਟੋ ਕੈਪਸ਼ਨ-ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੀ ਝਾਕੀ ਦਾ ਮਾਡਲ ਦਿਖਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ