ਚੰਡੀਗੜ੍ਹ,26 ਦਸੰਬਰ- ਪੰਜਾਬ ਕਾਂਗਰਸ ਕਮੇਟੀ ਦੀ ਕਾਂਗਰਸ ਹਾਈਕਮਾਂਡ ਨਾਲ ਦਿੱਲੀ ਵਿਖੇ ਅੱਜ ਹੋ ਰਹੀ ਮੀਟਿੰਗ ਅਹਿਮ ਹੋਵੇਗੀ। ਇਸ ਮੀਟਿੰਗ ‘ਚ ਕਾਂਗਰਸ ਦੀ ਹਾਈਕਮਾਂਡ ਦੇ ਆਗੂ ਪੰਜਾਬ ਦੇ ਆਗੂਆਂ ਨਾਲ ਸੂਬੇ ‘ਚ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਸਬੰਧੀ ਵਿਚਾਰ ਕਰਨਗੇ। ਉੰਝ ਤਾਂ ਭਾਵੇਂ ਕਾਂਗਰਸ ਦੀ ਪੰਜਾਬ ਇਕਾਈ ਦੇ ਬਹੁਤੇ ਆਗੂ ਸੂਬੇ ‘ਚ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦਾ ਖੁੱਲ ਕੇ ਵਿਰੋਧ ਕਰ ਚੁੱਕੇ ਹਨ, ਸਿਰਫ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਲੁਧਿਆਣਾ ਤੋਂ ਐਮਪੀ ਰਵਨੀਤ ਸਿੰਘ ਬਿੱਟੂ ਹੀ ਸੂਬੇ ‘ਚ ਆਪ ਨਾਲ ਗੱਠਜੋੜ ਦੇ ਹੱਕ ‘ਚ ਬਿਆਨ ਦੇ ਚੁੱਕੇ ਹਨ। ਸੂਤਰਾਂ ਅਨੁਸਾਰ ਇਹ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ‘ਚ ਕਾਂਗਰਸ ਤੇ ਆਪ ਦਰਮਿਆਨ ਸੀਟਾਂ ਦੀ ਵੰਡ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੀ ਅੱਜ ਦੀ ਮੀਟਿੰਗ ਦਾ ਫੈਸਲਾ ਅੱਜ ਹੀ ਸਾਹਮਣੇ ਆਉਣ ਦੀ ਸੰਭਾਵਨਾ ਨਹੀਂ ਹੈ ਸਗੋਂ ਅੱਜ ਦੇ ਫੈਸਲੇ ਨੂੰ ਗੁਪਤ ਰੱਖਿਆ ਜਾ ਸਕਦਾ ਹੈ ਤਾਂ ਜੋ ਸੂਬੇ ਵਿੱਚ ਬਣਦੇ ਜਾ ਰਹੇ ਸਿਆਸੀ ਹਾਲਾਤਾਂ ਅਨੁਸਾਰ ਹੀ ਕਾਂਗਰਸ ਅਗਲੇਰਾ ਕਦਮ ਪੁੱਟ ਸਕੇ। ਕਾਂਗਰਸ ਦੇ ਨਵ ਨਿਯੁਕਤ ਸੂਬਾ ਇੰਚਾਰਜ ਦਵਿੰਦਰ ਯਾਦਵਦਾ ਇੱਕ ਬਿਆਨ ਵੀ ਧਿਆਨ ਮੰਗਦਾ ਹੈ ਜਿਨਾਂ ਵਿੱਚ ਉਹਨਾਂ ਨੇ ਕਿਹਾ ਸੀ ਕਿ ਸੂਬੇ ‘ਚ ਆਪ ਨਾਲ ਮਿਲ ਕੇ ਚੋਣਾਂ ਲੜਨ ਸਬੰਧੀ ਹੇਠਲੇ ਪੱਧਰ ਤੱਕ ਵਰਕਰਾਂ ਦੀ ਫੀਡਬੈਕ ਲਈ ਜਾਵੇਗੀ। ਭਾਵੇਂ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸਮੇਤ ਸਾਰੇ ਵੱਡੇ ਆਗੂ ਪਹਿਲਾਂ ਹੀ ਸਰੇਆਮ ਕਾਂਗਰਸ ਤੇ ਆਪ ਦੇ ਪੰਜਾਬ ‘ਚ ਗੱਠਜੋੜ ਦੀ ਵਿਰੋਧਤਾ ਕਰ ਚੁੱਕੇ ਹਨ ਪਰੰਤੂ ਕਾਂਗਰਸ ਹਾਈਕਮਾਂਡ ਦੇ ਆਗੂ ਪੰਜਾਬ ਦੇ ਆਗੂਆਂ ਨੂੰ ਅੱਜ ਸਾਹਮਣੇ ਬਿਠਾ ਕੇ ਉਹਨਾਂ ਦੀ ਨਬਜ਼ ਚੈੱਕ ਕਰਨਗੇ । ਸਿਆਸੀ ਮਾਹਿਰਾਂ ਅਨੁਸਾਰ ਕਾਂਗਰਸ ਹਾਈਕਮਾਂਡ ਸੂਬੇ ਦੇ ਵੱਡੇ ਆਗੂਆਂ ਦੀ ਨਰਾਜ਼ਗੀ ਮੁੱਲ ਲੈਣਾ ਨਹੀਂ ਚਾਹੇਗੀ, ਇਸੇ ਲਈ ਨਵ ਨਿਯੁਕਤ ਪ੍ਰਧਾਨ ਨੇ ਹੇਠਲੇ ਵਰਕਰਾਂ ਦੀ ਫੀਡਬੈਕ ਲੈਣ ਵਾਲਾ ਬਿਆਨ ਦਿੱਤਾ ਹੈ।