ਚੰਡੀਗੜ੍ਹ,29 ਨਵੰਬਰ-ਲੋਕ ਤਾਂ ਡਾਕਟਰ ਨੂੰ ਰੱਬ ਦਾ ਰੂਪ ਸਮਝਦੇ ਹਨ ਪ੍ਰੰਤੂ ਜੇ ਡਾਕਟਰ ਹੀ ਸ਼ੈਤਾਨ ਬਣ ਜਾਵੇ ਤਾਂ ਲੋਕ ਕਿੱਧਰ ਨੂੰ ਜਾਣ, ਅਜਿਹਾ ਹੀ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਕਰਨਾਟਕ ਦੇ ਇੱਕ ਡਾਕਟਰ ਨਾਲ ਸਬੰਧਿਤ ਸਾਹਮਣੇ ਆਇਆ ਹੈ। ਜਿੱਥੇ ਇਕ ਲਾਲਚੀ ਡਾਕਟਰ ਨੇ 900 ਗਰਭਪਾਤ ਦੇ ਕੇਸ ਕਰਕੇ 900 ਮਾਸੂਮ ਜ਼ਿੰਦਗੀਆਂ ਨੂੰ ਕਤਲ ਕਰ ਦਿੱਤਾ, ਸਿਰਫ਼ ਇਨਾ ਹੀ ਨਹੀਂ ਸਗੋਂ ਇਸ ਸ਼ੈਤਾਨ/ਲਾਲਚੀ ਡਾਕਟਰ ਨੇ ਗਰਭਪਾਤ ਕਰਵਾਉਣ ਆਏ ਲੋਕਾਂ ਤੋਂ ਪ੍ਰਤੀ ਕੇਸ 30000 ਵੀ ਵਸੂਲ ਕੀਤੇ। ਪੂਰੇ ਮਾਮਲੇ ਦੇ ਵੇਰਵੇ ਅਨੁਸਾਰ ਪਿਛਲੇ ਦਿਨੀਂ ਬੈਂਗਲੁਰੂ ਪੁਲਿਸ ਨੇ ਕਰਨਾਟਕ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਲਗਭਗ 900 ਗੈਰ-ਕਾਨੂੰਨੀ ਗਰਭਪਾਤ ਕਰਵਾਉਣ ਲਈ ਇੱਕ ਡਾਕਟਰ ਅਤੇ ਉਸ ਦੇ ਸਹਾਇਕ ਟੈਕਨੀਸ਼ੀਅਨ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਰਭਪਾਤ ਕੇਸ ਦੋਸ਼ੀ ਡਾਕਟਰ ਚੰਦਨ ਬੱਲਾਲ ਅਤੇ ਉਸ ਦੇ ਲੈਬ ਟੈਕਨੀਸ਼ੀਅਨ ਨਿਸਾਰ ਨੇ ਮੈਸੂਰ ਜ਼ਿਲ੍ਹਾ ਹੈੱਡਕੁਆਰਟਰ ਦੇ ਇੱਕ ਹਸਪਤਾਲ ਵਿੱਚ ਕੀਤੇ ਗਏ ਹਰੇਕ ਗਰਭਪਾਤ ਲਈ ਕਥਿਤ ਤੌਰ ‘ਤੇ 30,000 ਰੁਪਏ ਵਸੂਲੇ। ਪੁਲਿਸ ਨੇ ਦੱਸਿਆ ਕਿ ਹਸਪਤਾਲ ਦੀ ਮੈਨੇਜਰ ਮੀਨਾ ਅਤੇ ਰਿਸੈਪਸ਼ਨਿਸਟ ਰਿਜ਼ਮਾ ਖਾਨ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ ਮਹੀਨੇ, ਪੁਲਿਸ ਨੇ ਮੈਸੂਰ ਨੇੜੇ ਮਾਂਡਿਆ ਦੇ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਲਿੰਗ ਨਿਰਧਾਰਨ ਅਤੇ ਕੰਨਿਆ ਭਰੂਣ ਹੱਤਿਆ ਰੈਕੇਟ ਦਾ ਪਰਦਾਫਾਸ਼ ਕੀਤਾ ਅਤੇ ਦੋ ਦੋਸ਼ੀਆਂ, ਸ਼ਿਵਲਿੰਗ ਗੌੜਾ ਅਤੇ ਨਯਨ ਕੁਮਾਰ ਨੂੰ ਗ੍ਰਿਫਤਾਰ ਕੀਤਾ, ਜਦੋਂ ਉਹ ਇੱਕ ਗਰਭਵਤੀ ਔਰਤ ਨੂੰ ਗਰਭਪਾਤ ਲਈ ਕਾਰ ਵਿੱਚ ਲਿਜਾ ਰਹੇ ਸਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਹਾਂ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਮੰਡਿਆਂ ‘ਚ ਗੁੜ ਬਣਾਉਣ ਵਾਲੀ ਇਕਾਈ ਨੂੰ ਅਲਟਰਾਸਾਊਂਡ ਸੈਂਟਰ ਵਜੋਂ ਵਰਤਿਆ ਜਾਂਦਾ ਸੀ, ਜਿੱਥੋਂ ਪੁਲਿਸ ਟੀਮ ਨੇ ਬਾਅਦ ‘ਚ ਸਕੈਨ ਕਰਨ ਵਾਲੀ ਮਸ਼ੀਨ ਨੂੰ ਜ਼ਬਤ ਕਰ ਲਿਆ ਅਤੇ ਉਨ੍ਹਾਂ ਕੋਲ ਇਸ ਲਈ ਕੋਈ ਪ੍ਰਮਾਣਿਕ ਸਰਟੀਫਿਕੇਟ ਜਾਂ ਹੋਰ ਅਧਿਕਾਰਤ ਦਸਤਾਵੇਜ਼ ਨਹੀਂ ਸੀ। ਪੁਲਿਸ ਨੇ ਦੱਸਿਆ ਕਿ ਇਸ ਰੈਕੇਟ ਵਿੱਚ ਸ਼ਾਮਲ ਹੋਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ 900 ਗਰਭਪਾਤ ਕੇਸ ਕਰਨ ਦਾ ਮਾਮਲਾ ਤਾਂ ਸ਼ੁਰੂਆਤੀ ਜਾਂਚ ‘ਚ ਵਿੱਚ ਹੀ ਸਾਹਮਣੇ ਆਇਆ ਹੈ।