ਬਰਨਾਲਾ ,12 ਸਤੰਬਰ (ਨਿਰਮਲ ਸਿੰਘ ਪੰਡੋਰੀ)-ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਸਰਕਾਰ ਦੀਆਂ ਲੋਕ ਪੱਖੀ ਸਹੂਲਤਾਂ ਨੂੰ ਲੋਕਾਂ ਤੱਕ ਪੁੱਜਦਾ ਕੀਤਾ ਜਾਂਦਾ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪੁੱਜਦਾ ਕੀਤਾ ਜਾਂਦਾ ਹੈ। ਮੀਡੀਆ ਪਲੇਟਫਾਰਮ ‘ਤੇ ਚੁੱਕੀਆਂ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਕਈ ਵਾਰ ਅਧਿਕਾਰੀ ਲਾਪਰਵਾਹੀ ਵਰਤ ਜਾਂਦੇ ਹਨ ਪਰੰਤੂ ਕਈ ਵਾਰ ਅਧਿਕਾਰੀਆਂ ਉਪਰ ਅਸਰ ਹੋ ਵੀ ਜਾਂਦਾ ਹੈ। ਇਸੇ ਤਰ੍ਹਾਂ ਬਰਨਾਲਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਉਪਰ ਅਦਾਰਾ “Gee98 news” ਦੀ ਇੱਕ ਖ਼ਬਰ ਦਾ ਤੁਰੰਤ ਅਸਰ ਹੋਇਆ, ਜਿਸ ਤੋਂ ਬਾਅਦ ਲੋਕਾਂ ਲਈ ਸਿਰਦਰਦੀ ਬਣੀ ਸਮੱਸਿਆ ਦਾ ਹੱਲ ਹੋਣਾ ਸ਼ੁਰੂ ਹੋ ਗਿਆ ਹੈ। ਅਦਾਰਾ “Gee98 news” ਨੇ 18 ਅਗਸਤ ਨੂੰ ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਅੰਦਰੂਨੀ ਸੜਕ ਦੀ ਤਰਸਯੋਗ ਹਾਲਤ ਸਬੰਧੀ ਇੱਕ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਹ ਖਬਰ ਜੰਗਲ ਦੀ ਅੱਗ ਵਾਂਗ ਵਾਇਰਲ ਹੋਣ ਤੋਂ ਬਾਅਦ ਬਰਨਾਲਾ ਦੇ ਉੱਚ ਅਧਿਕਾਰੀ ਹਰਕਤ ਵਿੱਚ ਆਏ ਅਤੇ ਹੁਣ ਇਸ ਟੁੱਟੀ ਹੋਈ ਸੜਕ ਉੱਪਰ ਸ਼ਾਨਦਾਰ ਇੰਟਰਲੌਕ ਟਾਈਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਜਲਦੀ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਇਹ ਟੁੱਟੀ ਸੜਕ ਨਵੀਂ ਨਕੋਰ ਬਣ ਕੇ ਤਿਆਰ ਹੋ ਜਾਵੇਗੀ ।
