ਚੰਡੀਗੜ੍ਹ, 5 ਸਤੰਬਰ (ਨਿਰਮਲ ਸਿੰਘ ਪੰਡੋਰੀ)-ਭਾਜਪਾ ਵਿਰੋਧੀ ਦੇਸ਼ ਵਿਆਪੀ ਗੱਠਜੋੜ ਦਾ ਹਿੱਸਾ ਬਣਨ ਤੋਂ ਕੋਰੀ ਨਾਂਹ ਕਰਦੇ ਹੋਏ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਲੋਕ ਸਭਾ ਦੀਆਂ ਸਾਰੀਆਂ ਸੀਟਾਂ ‘ਤੇ ਚੋਣ ਲੜਨ ਦੀ ਗੱਲ ਆਖੀ ਹੈ। ਇੱਕ ਨਿੱਜੀ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਸਰਦਾਰ ਬਾਜਵਾ ਨੇ ਆਖਿਆ ਕਿ “ਸਾਡਾ ਕਾਡਰ ਸੂਬੇ ‘ਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਹੀਂ ਚਾਹੁੰਦਾ, ਅਸੀਂ ਆਪਣੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਅੱਖੋਂ-ਪਰੋਖੇ ਨਹੀਂ ਕਰ ਸਕਦੇ। ਸਰਦਾਰ ਬਾਜਵਾ ਨੇ ਦਲੀਲ ਦਿੱਤੀ ਕਿ ਜੇਕਰ ਉਹ ਸੂਬੇ ‘ਚ ਸੱਤਾਧਾਰੀ ਪਾਰਟੀ ਨਾਲ ਰਲ ਕੇ ਚੋਣ ਲੜਨਗੇ ਤਾਂ ਵਿਰੋਧੀ ਧਿਰ ਦੀ ਭੂਮਿਕਾ ਹੀ ਖਤਮ ਹੋ ਜਾਵੇਗੀ। ਪੰਜਾਬ ‘ਚ ਇਕੱਲੇ ਚੋਣ ਲੜਨ ਸਬੰਧੀ ਬਾਜਵਾ ਨੇ ਕੇਰਲਾ ਦੀ ਰਾਜਨੀਤੀ ਦਾ ਤਰਕ ਦਿੱਤਾ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਤੀ ਆਪਣੀਆਂ ਨਿੱਜੀ ਭਾਵਨਾਵਾਂ ਦਾ ਬੇਬਾਕੀ ਨਾਲ ਇਜ਼ਹਾਰ ਕਰਦੇ ਹੋਏ ਸਰਦਾਰ ਬਾਜਵਾ ਨੇ ਕਿਹਾ ਕਿ ” ਮੈਨੂੰ ਭਗਵੰਤ ਬਿਲਕੁਲ ਪਸੰਦ ਨਹੀਂ ਹੈ, ਮੈਂ ਆਮ ਆਦਮੀ ਪਾਰਟੀ ਸਰਕਾਰ ਦੇ ਕਿਸੇ ਮੰਤਰੀ ਅਤੇ ਵਿਧਾਇਕ ਨੂੰ ਪਸੰਦ ਨਹੀਂ ਕਰਦਾ” । ਬਾਜਵਾ ਨੇ ਦੋਸ਼ ਲਗਾਏ ਕਿ “ਇਹ ਸਾਰੇ ਝੂਠੇ ਹਨ, ਕੁਰੱਪਟ ਹਨ, ਇਹਨਾਂ ਦੀ ਕਹਿਣੀ ਤੇ ਕਥਨੀ ਵਿੱਚ ਫਰਕ ਹੈ”। ਇਹ ਵਿਰੋਧੀ ਧਿਰ ‘ਚ ਹੁੰਦੇ ਹੋਏ ਜੋ ਕਹਿੰਦੇ ਸੀ ਹੁਣ ਸੱਤਾ ‘ਚ ਹੁੰਦੇ ਹੋਏ ਉਸਦੇ ਬਿਲਕੁਲ ਉਲਟ ਕਰ ਰਹੇ ਹਨ, ਸਾਡਾ ਕਾਡਰ ਵੀ ਇਹਨਾਂ ਨੂੰ ਪਸੰਦ ਨਹੀਂ ਕਰਦਾ”। ਪੱਤਰਕਾਰ ਦੇ ਸ਼ਖਸ਼ੀ ਹਮਲਿਆਂ ਸੰਬੰਧੀ ਕੀਤੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ “ਜੇਕਰ ਭਗਵੰਤ ਮਾਨ ਉਨ੍ਹਾਂ ਨੂੰ ‘ਪ੍ਰਤਾਪ ਸਿੰਘ ਭਾਜਪਾ’ ਕਹੇਗਾ ਤਾਂ ਉਹ ਉਸ ਨੂੰ ‘ਝੰਡਾ ਅਮਲੀ’ ਕਹਿਣਗੇ । ਪ੍ਰਤਾਪ ਸਿੰਘ ਬਾਜਵਾ ਨੇ ਬੇਬਾਕੀ ਨਾਲ ਕਹਿ ਦਿੱਤਾ ਕਿ ਉਹ ਭਗਵੰਤ ਮਾਨ ਨਾਲ ਕਦੇ ਵੀ ਕੋਈ ਸਟੇਜ ਸਾਂਝੀ ਨਹੀਂ ਕਰਨਗੇ । ਉਨ੍ਹਾਂ ਕਿਹਾ ਕਿ ‘ਇਹ ਹੋ ਨਹੀਂ ਸਕਦਾ, ਜਦ ਮੈਂ ਉਸਨੂੰ ਪਸੰਦ ਹੀ ਨਹੀਂ ਕਰਦਾ ਹਾਂ ਤਾਂ ਸਟੇਜ ਸਾਂਝੀ ਕਰਨ ਦਾ ਕੋਈ ਮਤਲਬ ਹੀ ਨਹੀਂ ਹੈ’। ਭਾਵੇਂ ਕਿ ਸਿਆਸੀ ਆਗੂਆਂ ਦੀ ਜੁਬਾਨ ਬਦਲਣ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਦੋਂ ਆਪਣੀ ਪਹਿਲਾਂ ਕਹੀ ਗੱਲ ਤੋਂ ਮੁੱਕਰ ਜਾਣ ਪ੍ਰੰਤੂ ਪ੍ਰਤਾਪ ਸਿੰਘ ਬਾਜਵਾ ਦੇ ਤੇਵਰਾਂ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਉਹ ਕਾਂਗਰਸ ਹਾਈ ਕਮਾਂਡ ‘ਤੇ ਦਬਾਅ ਬਣਾ ਰਹੇ ਹਨ ਕਿ ਪੰਜਾਬ ਸਬੰਧੀ ਉਹਨਾਂ ਨੂੰ ਮਜ਼ਬੂਰ ਨਾ ਕੀਤਾ ਜਾਵੇ।