ਬਰਨਾਲਾ, 7 ਜੁਲਾਈ ( ਨਿਰਮਲ ਸਿੰਘ ਪੰਡੋਰੀ ) – ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਨੇ ਪੰਜਾਬ ਸਰਕਾਰ ਵੱਲੋਂ ਮਨਰੇਗਾ ਵਰਕਰਾਂ ਨੂੰ 48 ਘੰਟਿਆਂ ਦਾ ਕੋਰਸ ਪੰਪ ਉਪਰੇਟਰ, ਇਲੈਕਟ੍ਰੀਸ਼ੀਅਨ, ਮੋਟਰ ਮਕੈਨਿਕ, ਸੋਲਰ ਪੈਨਲ, ਪਲੰਬਰ, ਫਿਟਰ ਅਤੇ ਸੋਸ਼ਲ ਆਦਿ ਦੀ ਟ੍ਰੇਨਿੰਗ ਮਗਨਰੇਗਾ, ਐਸ.ਐਚ.ਜੀ.ਤੇ ਪੀ.ਐਮ.ਏ.ਵਾਈ (ਜੀ) ਦੇ ਪਰਿਵਾਰਕ ਮੈਂਬਰਾਂ ਨੂੰ ਕਰਵਾਉਣ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ ਦੇ ਨਾਂ ਹੇਠ ਨਿੱਜੀਕਰਨ ਦੀਆਂ ਕੋਸ਼ਿਸ਼ਾਂ ਹਨ, ਜਿਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਜਥੇਬੰਦੀ ਦੇ ਆਗੂਆਂ ਅਵਤਾਰ ਸਿੰਘ, ਸੁਭਾਸ਼ ਚੰਦ, ਲਖਵਿੰਦਰ ਸਿੰਘ ਲੱਖਾ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ 48 ਘੰਟਿਆਂ ਦਾ ਕੋਰਸ ਪੰਪ ਉਪਰੇਟਰ, ਇਲੈਕਟ੍ਰੀਸ਼ੀਅਨ, ਮੋਟਰ ਮਕੈਨਿਕ, ਸੋਲਰ ਪੈਨਲ, ਪਲੰਬਰ, ਫਿਟਰ ਅਤੇ ਸੋਸ਼ਲ ਆਦਿ ਦੀ ਟ੍ਰੇਨਿੰਗ ਮਗਨਰੇਗਾ, ਐਸ.ਐਚ.ਜੀ.ਤੇ ਪੀ.ਐਮ.ਏ.ਵਾਈ (ਜੀ) ਦੇ ਪਰਿਵਾਰਕ ਮੈਂਬਰਾਂ ਨੂੰ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਜਥੇਬੰਦੀ ਦੇ ਆਗੂਆਂ ਨੇ ਇਸ ਫੈਸਲੇ ‘ਤੇ ਸਵਾਲ ਖੜੇ ਕੀਤੇ ਕਿ ਇਹ ਟ੍ਰੇਨਿੰਗ ਕਰਵਾਉਣ ਦੀ ਕੀ ਲੋੜ੍ਹ ਹੈ ? ਉਨ੍ਹਾਂ ਕਿਹਾ ਕਿ ਜਲ ਸਪਲਾਈ ਮਹਿਕਮੇ ਵੱਲੋਂ ਪੰਚਾਇਤ ਵਿਭਾਗ ਨੂੰ ਪੱਤਰ ਜਾਰੀ ਕਰਕੇ ਮਗਨਰੇਗਾ ਵਰਕਰਾਂ ਨੂੰ ਟ੍ਰੈਨਿੰਗ ਦੇਣ ਦਾ ਮਕਸਦ ਇਹ ਹੈ ਕਿ ਸਰਕਾਰ ਅਧੀਨ ਚੱਲ ਰਹੀਆਂ ਪੇਂਡੂ ਜਲ ਸਪਲਾਈ ਸਕੀਮਾਂ ਜੋ ਕਿ ਪੰਚਾਇਤਾਂ ਨੂੰ ਹੈਂਡਓਵਰ ਕਰਨ ਦੇ ਨਾਲ ਨਾਲ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਨਾਲ ਜਿੱਥੇ ਜਲ ਸਪਲਾਈ ਵਿਭਾਗ ਦਾ ਕੰਟਰੋਲ ਨਿੱਜੀ ਕੰਪਨੀਆਂ ਦੇ ਅਧੀਨ ਚਲਾ ਜਾਵੇਗਾ ਉਥੇ ਇਸਦੇ ਨਾਲ ਹੀ ਸਾਲਾਂਬੱਧੀ ਅਰਸ਼ੇ ਤੋਂ ਜਲ ਸਪਲਾਈ ਸਕੀਮਾਂ ਚਲਾ ਰਹੇ ਇਨਲਿਸਟਮੈਂਟ ਅਤੇ ਆਊਟਸੋਰਸ ਵਰਕਰਾਂ ਦੀ ਛਾਂਟੀ ਕਰਕੇ ਮਗਨਰੇਗਾ ਵਰਕਰਾਂ ਨੂੰ ਵਾਟਰ ਸਪਲਾਈ ਸਕੀਮਾਂ ਚਲਾਉਣ ਦੀ ਜ਼ਿੰਮੇਵਾਰੀ ਸੌਪਣ ਦੀ ਸਰਕਾਰ ਦੀ ਸਾਜਿਸ਼ ਹੁਣ ਜੱਗ ਜਾਹਿਰ ਹੋ ਗਈ ਹੈ ਪਰ ਹਜ਼ਾਰਾਂ ਦੀ ਗਿਣਤੀ ਵਿੱਚ ਕੰਮ ਕਰਦੇ ਵਰਕਰਾਂ ਨੂੰ ਬੇਰੁਜ਼ਗਾਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਕਿਹਾ ਕਿ ਸੂਬਾ ਕਮੇਟੀ ਦੇ ਸੱਦੇ ‘ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵੱਲੋਂ 13 ਜੁਲਾਈ ਨੁੰ ਪੰਜਾਬ ਸਰਕਾਰ ਅਤੇ ਵਿਭਾਗੀ ਮਨੇਜਮੈਂਟ ਦੇ ਸਬ-ਡਵੀਜਨ ਪੱਧਰ ‘ਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ।