ਬਰਨਾਲਾ 20 ਮਾਰਚ ( ਨਿਰਮਲ ਸਿੰਘ ਪੰਡੋਰੀ )-
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਵੱਧ ਤੋਂ ਵੱਧ ਰਜਿਸਟਰੇਸ਼ਨ ਅਤੇ ਦਾਖ਼ਲੇ ਲਈ ਦਾਖ਼ਲਾ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ, ਜਿਸ ਤਹਿਤ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਵੱਖ ਵੱਖ ਮਾਧਿਅਮਾਂ ਰਾਹੀਂ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਵੱਖ ਵੱਖ ਸਹੂਲਤਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਬਰਨਾਲਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸਰਬਜੀਤ ਸਿੰਘ ਤੂਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਵਸੁੰਧਰਾ ਕਪਿਲਾ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਵੱਧ ਦਾਖ਼ਲਾ ਕਰਵਾਉਣ ਵਾਲੇ ਸਕੂਲ ਮੁਖੀਆਂ ਨੂੰ ਸਰਟਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਡੀਈਓ ਤੂਰ ਨੇ ਕਿਹਾ ਕਿ ਦਾਖ਼ਲਾ ਮੁਹਿੰਮ ਵਿੱਚ ਜ਼ਿਲ੍ਹੇ ਦੇ ਸਾਰੇ ਹੀ ਸਰਕਾਰੀ ਸਕੂਲਾਂ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਵੱਲੋਂ ਆਪਣੇ ਆਪਣੇ ਪੱਧਰ ਤੇ ਦਾਖ਼ਲਾ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ, ਜਿਸ ਦੇ ਕਰਕੇ ਹੀ 10 ਮਾਰਚ ਨੂੰ ਸਿੱਖਿਆ ਵਿਭਾਗ ਦੇ ਮਹਾਂ ਦਾਖ਼ਲਾ ਅਭਿਆਨ ਤਹਿਤ ਬਰਨਾਲਾ ਜ਼ਿਲ੍ਹੇ ਨੇ ਪੂਰੇ ਪੰਜਾਬ ਵਿੱਚ ਤੀਜਾ ਸਥਾਨ ਹਾਸਲ ਕੀਤਾ। ਉਹਨਾਂ ਦਾਖ਼ਲਾ ਮੁਹਿੰਮ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਸਕੂਲ ਸਟਾਫ਼ ਦੀ ਪ੍ਰਸ਼ੰਸ਼ਾ ਕੀਤੀ। ਡਿਪਟੀ ਡੀਈਓ ਵਸੁੰਧਰਾ ਕਪਿਲਾ ਨੇ ਕਿਹਾ ਕਿ ਜ਼ਿਲ੍ਹੇ ਦੇ ਸਿੱਖਿਆ ਵਿਭਾਗ ਦੇ ਸਾਰੇ ਕਰਮਚਾਰੀ ਇੱਕ ਟੀਮ ਦੇ ਰੂਪ ਵਿੱਚ ਕੰਮ ਕਰ ਰਹੇ ਹਨ। ਇਹ ਇੱਕ ਸ਼ਲਾਘਾਯੋਗ ਕਦਮ ਹੈ। ਉਹਨਾਂ ਸਕੂਲ ਮੁਖੀਆਂ ਨੂੰ ਦਾਖ਼ਲਾ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਪ੍ਰਿੰਸੀਪਲ ਸੰਜੇ ਸਿੰਗਲਾ, ਰਾਜੇਸ਼ ਕੁਮਾਰ, ਜਗਤਾਰ ਸਿੰਘ, ਇਕਬਾਲ ਕੌਰ ਉਦਾਸੀ, ਗੁਰਪ੍ਰੀਤ ਕੌਰ, ਹਰੀਸ਼ ਬਾਂਸਲ, ਰੁਪਿੰਦਰ ਕੌਰ, ਸੀਐੱਚਟੀ ਤਲਵਿੰਦਰ ਸਿੰਘ, ਸੁਖਚੈਨ ਸਿੰਘ, ਪਰਮਜੀਤ ਕੌਰ,ਸ਼ਿੰਦਰਪਾਲ ਕੌਰ, ਐੱਚਟੀ ਬਲਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਡੀਈਓ ਤੂਰ ਨੇ ਕਿਹਾ ਕਿ ਦਾਖ਼ਲਾ ਮੁਹਿੰਮ ਦੌਰਾਨ ਬੇਹਤਰ ਪ੍ਰਦਰਸ਼ਨ ਕਰਨ ਵਾਲੇ ਅਧਿਕਾਰੀਆਂ, ਕਰਮਚਾਰੀਆਂ ਅਤੇ ਆਂਗਨਵਾੜੀ ਵਰਕਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਕੋਆਡੀਨੇਟਰ ਕੁਲਦੀਪ ਸਿੰਘ ਭੁੱਲਰ, ਕੀਰਤੀ ਦੇਵ ਸ਼ਰਮਾ, ਅਨੀ ਮਿੱਤਲ ਆਦਿ ਹਾਜ਼ਿਰ ਰਹੇ।