-ਭਾਜਪਾ ਆਗੂ ਬੱਗਾ ਨੂੰ ਦਿੱਲੀ ਤੋਂ ਗ੍ਰਿਫਤਾਰ ਕਰਨ ਵਾਲੀ ਪੰਜਾਬ ਪੁਲੀਸ ਦੀ ਟੁਕੜੀ ‘ਤੇ ਕਿਡਨੈਪਿੰਗ ਦਾ ਮਾਮਲਾ ਦਰਜ
–ਹੁਣ ਹਰਿਆਣਾ ਦੇ ਪਿੱਪਲੀ ਥਾਣੇ ‘ਚ ਹੈ ਬੱਗਾ
ਬਰਨਾਲਾ 6 ਮਈ (ਨਿਰਮਲ ਸਿੰਘ ਪੰਡੋਰੀ)-ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰਕੇ ਪੰਜਾਬ ਲਿਆ ਰਹੀ ਪੰਜਾਬ ਪੁਲੀਸ ਦੀ ਟੁਕੜੀ ਨੂੰ ਪਿੱਛਾ ਕਰਕੇ ਦਿੱਲੀ ਪੁਲਸ ਨੇ ਰਸਤੇ ਵਿਚ ਹੀ ਰੋਕ ਲਿਆ। ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ ਦੀ ਇਕ ਟੁਕੜੀ ਜਿਸ ‘ਚ ਲਗਪਗ 50 ਮੁਲਾਜ਼ਮ ਦੱਸੇ ਜਾ ਰਹੇ ਹਨ, ਨੇ ਤੇਜਿੰਦਰਪਾਲ ਸਿੰਘ ਬੱਗਾ ਦੇ ਘਰੋਂ ਉਸ ਨੂੰ ਗ੍ਰਿਫਤਾਰ ਕੀਤਾ। ਬੱਗਾ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਕੌਮੀ ਸੁਪਰੀਮੋ ਅਰਵਿੰਦ ਕੇਜਰੀਵਾਲ ਸਬੰਧੀ ਇੱਕ ਟਿੱਪਣੀ ਦੇ ਮਾਮਲੇ ‘ਚ ਮੁਹਾਲੀ ਦੇ ਇਕ ਥਾਣੇ ‘ਚ ਮਾਮਲਾ ਦਰਜ ਕੀਤਾ ਹੋਇਆ ਹੈ। ਤੇਜਿੰਦਰਪਾਲ ਬੱਗਾ ਨੂੰ ਇਸ ਮਾਮਲੇ ‘ਚ ਪੇਸ਼ ਹੋਣ ਲਈ ਪੰਜਾਬ ਪੁਲੀਸ ਨੇ ਕਈ ਵਾਰ ਸੰਮਨ ਕੀਤੇ ਪ੍ਰੰਤੂ ਉਹ ਪੇਸ਼ ਨਹੀਂ ਹੋਇਆ ਜਿਸ ਤੋਂ ਬਾਅਦ ਅੱਜ ਪੰਜਾਬ ਪੁਲੀਸ ਦੀ ਟੁਕੜੀ ਨੇ ਉਸ ਨੂੰ ਘਰੋਂ ਗ੍ਰਿਫ਼ਤਾਰ ਕਰ ਲਿਆ। ਪੰਜਾਬ ਪੁਲੀਸ ਦੀ ਟੁਕੜੀ ਬੱਗਾ ਨੂੰ ਲੈ ਕੇ ਅਜੇ ਹਰਿਆਣਾ ਤੱਕ ਹੀ ਪੁੱਜੀ ਸੀ ਪਰੰਤੂ ਪਿੱਛਾ ਕਰ ਰਹੀ ਦਿੱਲੀ ਪੁਲੀਸ ਨੇ ਪੰਜਾਬ ਪੁਲੀਸ ਨੂੰ ਨੈਸ਼ਨਲ ਹਾਈਵੇ ‘ਤੇ ਹੀ ਰੋਕ ਲਿਆ। ਸੂਤਰਾਂ ਅਨੁਸਾਰ ਦਿੱਲੀ ਪੁਲੀਸ ਨੇ ਪੰਜਾਬ ਪੁਲੀਸ ਦੀ ਟੁਕੜੀ ‘ਤੇ ਕਿਡਨੈਪਿੰਗ ਦਾ ਮਾਮਲਾ ਵੀ ਦਰਜ ਕਰ ਦਿੱਤਾ ਹੈ। ਭਾਜਪਾ ਆਗੂ ਪਹਿਲਾਂ ਤੋਂ ਹੀ ਇਹ ਦੋਸ਼ ਲਾਉਂਦੇ ਆ ਰਹੇ ਹਨ ਕਿ ਪੰਜਾਬ ਪੁਲੀਸ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ ਭਾਜਪਾ ਆਗੂਆਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਪ੍ਰੰਤੂ ਹੁਣ ਜਦੋਂ ਪੰਜਾਬ ਪੁਲੀਸ ਨੇ ਭਾਜਪਾ ਆਗੂ ਬੱਗਾ ਨੂੰ ਗ੍ਰਿਫ਼ਤਾਰ ਕਰ ਲਿਆ ਤਾਂ ਭਾਜਪਾ ਦੀ ਕੇਂਦਰ ਸਰਕਾਰ ਦੇ ਅਧੀਨ ਚੱਲ ਰਹੀ ਦਿੱਲੀ ਪੁਲੀਸ ਨੇ ਵੀ “ਨਹਿਲੇ ਤੇ ਦਹਿਲਾ” ਕੱਢ ਮਾਰਿਆ …ਆਗੇ ਆਗੇ ਦੇਖੋ ਹੋਤਾ ਹੈ ਕਿਆ…! ਤਾਜ਼ਾ ਜਾਣਕਾਰੀ ਇਹ ਵੀ ਹੈ ਕਿ ਪੰਜਾਬ ਸਰਕਾਰ ਦਿੱਲੀ ਪੁਲੀਸ ਵੱਲੋਂ ਪੰਜਾਬ ਪੁਲਿਸ ਨੂੰ ਰਸਤੇ ਵਿੱਚ ਰੋਕੇ ਜਾਣ ਦੇ ਮਾਮਲੇ ‘ਚ ਹਾਈਕੋਰਟ ਦਾ ਰੁਖ ਕਰੇਗੀ। ਪੰਜਾਬ ਪੁਲੀਸ ਨੇ ਆਪਣਾ ਇਕ ਏਡੀਜੀਪੀ ਪੱਧਰ ਦਾ ਅਧਿਕਾਰੀ ਵੀ ਕੁਰੂਕਸ਼ੇਤਰ ਲਈ ਰਵਾਨਾ ਕੀਤਾ ਹੈ।
