ਸਵੇਰੇ-ਸ਼ਾਮ ਦੇ ਤਜਰਬੇ ਦੀ ਘੁੰਮਣਘੇਰੀ ‘ਚ ਪੰਜਾਬ ਦੀਆਂ ਨੰਨ੍ਹੀਆਂ ਜਿੰਦਾਂ…
ਬਰਨਾਲਾ 6 ਮਈ (ਨਿਰਮਲ ਸਿੰਘ ਪੰਡੋਰੀ)-ਪੰਜਾਬ ਸਰਕਾਰ ਸਕੂਲ ਲੱਗਣ ਦੇ ਟਾਈਮ ਟੇਬਲ ਸਬੰਧੀ ਇੱਕ ਨਵਾਂ ਤਜਰਬਾ ਕਰਨ ਜਾ ਰਹੀ ਹੈ। ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਸਕੂਲਾਂ ਨੂੰ ਡਬਲ ਸ਼ਿਫਟ ਵਿਚ ਚਲਾਉਣ ਦਾ ਫ਼ੈਸਲਾ ਕੀਤਾ ਹੈ। ਜਿਹੜੇ ਸਕੂਲ ਡਬਲ ਸ਼ਿਫਟ ਵਿੱਚ ਲੱਗਣਗੇ ਉਥੇ ਪ੍ਰਾਇਮਰੀ ਸਕੂਲਾਂ ਲਈ ਗਰਮੀਆਂ ਵਿਚ ਇੱਕ ਅਪ੍ਰੈਲ ਤੋਂ 30 ਸਤੰਬਰ ਤੱਕ ਸਵੇਰ ਦੀ ਸ਼ਿਫਟ ਵਿੱਚ ਸਕੂਲ ਲੱਗਣਗੇ ਅਤੇ ਸਰਦੀਆਂ ਵਿੱਚ ਇੱਕ ਅਕਤੂਬਰ ਤੋਂ 31 ਮਾਰਚ ਤੱਕ ਸ਼ਾਮ ਦੀ ਸ਼ਿਫਟ ਵਿੱਚ ਸਕੂਲ ਲੱਗਣਗੇ। ਪ੍ਰਾਇਮਰੀ ਪੱਧਰ ਤੋਂ ਉੱਪਰਲੇ ਸਕੂਲ ਗਰਮੀਆਂ ਵਿੱਚ ਸ਼ਾਮ ਦੀ ਸ਼ਿਫਟ ਵਿੱਚ ਲੱਗਣਗੇ ਅਤੇ ਸਰਦੀਆਂ ਵਿੱਚ ਸਵੇਰ ਦੀ ਸ਼ਿਫਟ ਵਿੱਚ ਲੱਗਣਗੇ। ਗਰਮੀਆਂ ‘ਚ ਸਵੇਰ ਦੀ ਸ਼ਿਫਟ ਦਾ ਸਮਾਂ ਸਵੇਰ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਗਰਮੀਆਂ ਵਿੱਚ ਸ਼ਾਮ ਦੀ ਸ਼ਿਫਟ ਦਾ ਦੁਪਹਿਰ 12.30 ਤੋਂ 5.30 ਵਜੇ ਤੱਕ ਹੋਵੇਗਾ। ਸਰਦੀਆਂ ਵਿੱਚ ਸਵੇਰ ਦੀ ਸਿਫ਼ਟ ਦਾ ਸਮਾਂ 7.30 ਵਜੇ ਤੋਂ 12.15 ਵਜੇ ਤੱਕ ਅਤੇ ਸ਼ਾਮ ਦੀ ਸ਼ਿਫਟ ਦਾ ਸਮਾਂ 12.30 ਵਜੇ ਤੋਂ 5.15 ਵਜੇ ਤੱਕ ਹੋਵੇਗਾ। ਭਾਵੇਂ ਕਿ ਪਿਛਲੀਆਂ ਸਰਕਾਰਾਂ ਵੱਲੋਂ ਵੀ ਸੂਬੇ ‘ਚ ਕਿਤੇ ਕਿਤੇ ਕੁਝ ਕੁ ਸਕੂਲ ਕੁਝ ਖ਼ਾਸ ਕਾਰਨਾਂ ਕਰਕੇ ਡਬਲ ਸ਼ਿਫਟ ਵਿੱਚ ਚਲਾਏ ਜਾਣ ਦੀ ਜਾਣਕਾਰੀ ਮਿਲੀ ਹੈ ਪ੍ਰੰਤੂ ਮੌਜੂਦਾ ਪੰਜਾਬ ਸਰਕਾਰ ਨੇ ਇਹ ਫੈਸਲਾ ਇਸ ਸੰਦਰਭ ਵਿੱਚ ਲਿਆ ਹੈ ਕਿ ਜਿਹੜੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ ਪ੍ਰੰਤੂ ਕਮਰਿਆਂ ਦੀ ਗਿਣਤੀ ਜਾਂ ਹੋਰ ਬੁਨਿਆਦੀ ਢਾਂਚੇ ਦੀ ਕਮੀ ਹੈ ਉਹ ਸਕੂਲ ਡਬਲ ਸ਼ਿਫਟ ਵਿਚ ਚਲਾਏ ਜਾਣਗੇ।
ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ ਫੈਸਲੇ ਨੂੰ ਇਸ ਨਜ਼ਰੀਏ ਨਾਲ ਵੀ ਵੇਖਿਆ ਜਾ ਰਿਹਾ ਹੈ ਕਿ ਸਰਕਾਰ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਅਤੇ ਹੋਰ ਬੁਨਿਆਦੀ ਢਾਂਚੇ ਦੀ ਕਮੀ ਨੂੰ ਪੂਰਾ ਕਰਨ ਦੀ ਬਜਾਏ ਤਜਰਬਿਆਂ ਦੇ ਆਧਾਰ ‘ਤੇ ਹੀ ਸਮਾਂ ਟਪਾਉਣਾ ਚਾਹੁੰਦੀ ਹੈ। ਸਿੱਖਿਆ ਸ਼ਾਸਤਰੀਆਂ ਅਨੁਸਾਰ ਸਰਕਾਰ ਨੂੰ ਬੱਚਿਆਂ ਦੇ ਭਵਿੱਖ ਨਾਲ ਜੁੜੇ ਫ਼ੈਸਲੇ ਤਜਰਬਿਆਂ ਦੇ ਆਧਾਰ ‘ਤੇ ਨਹੀਂ ਕਰਨੇ ਚਾਹੀਦੇ ਸਗੋਂ ਸਰਕਾਰ, ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰਨ ਦੇ ਨਾਲ ਨਾਲ ਹੋਰ ਸਹੂਲਤਾਂ ਪੂਰੀਆਂ ਕਰਨ ਵੱਲ ਧਿਆਨ ਦੇਵੇ। ਸਰਕਾਰ ਨੇ ਭਾਵੇਂ ਇਹ ਫ਼ੈਸਲਾ ਕਰ ਲਿਆ ਹੈ ਪ੍ਰੰਤੂ ਅਧਿਆਪਕ ਜਥੇਬੰਦੀਆਂ ਦਾ ਪ੍ਰਤੀਕਰਮ ਸਾਹਮਣੇ ਆਉਣ ਤੋਂ ਬਾਅਦ ਇਹ ਇਸ ਤਜਰਬੇ ਦੀ ਕਾਮਯਾਬੀ ਬਾਰੇ ਕੁਝ ਕਿਹਾ ਜਾ ਸਕਦਾ ਹੈ।ਫਿਲਹਾਲ, ਇਸ ਸਬੰਧੀ ਫ਼ੈਸਲਾ ਹੀ ਕੀਤਾ ਗਿਆ ਹੈ। ਇਸ ਫ਼ੈਸਲੇ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫਸਰ ਉਨ੍ਹਾਂ ਸਕੂਲਾਂ ਦੀ ਪਰਪੋਜ਼ਲ ਸਰਕਾਰ ਨੂੰ ਭੇਜਣਗੇ ਜਿਨ੍ਹਾਂ ਨੂੰ ਡਬਲ ਸ਼ਿਫਟ ਵਿਚ ਚਲਾਇਆ ਜਾ ਸਕਦਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਸਰਕਾਰ ਨੂੰ ਭੇਜੀ ਸਕੂਲਾਂ ਦੀ ਪਰਪੋਜ਼ਲ ਤੋਂ ਬਾਅਦ ਹੀ ਇਸ ਤਜਰਬੇ ਸਬੰਧੀ ਸਰਕਾਰ ਦੀ ਮਨਸ਼ਾ ਦਾ ਪਤਾ ਲੱਗੇਗਾ।