ਬਰਨਾਲਾ, 8 ਦਸੰਬਰ (ਨਿਰਮਲ ਸਿੰਘ ਪੰਡੋਰੀ) : ਆਸ਼ਾ ਵਰਕਰਾਂ ਤੇ ਆਸ਼ਾ ਫੈਸਿਲੀਟੇਟਰਾਂ ਨੇ ਅੱਜ ਇੱਥੇ ਯੂਨੀਅਨ ਦੀ ਜ਼ਿਲਾ ਪ੍ਰਧਾਨ ਪਵਨਪ੍ਰੀਤ ਕੌਰ ਖੁੱਡੀ ਤੇ ਲਖਵੀਰ ਕੌਰ ਦੀ ਅਗਵਾਈ ’ਚ ਆਈਟੀਆਈ ਚੌਂਕ ’ਚ ਸੜਕੀ ਮਾਰਗ ਜਾਮ ਕਰਦਿਆਂ ਆਪਣਾ ਪ੍ਰਦਰਸ਼ਨ ਆਰੰਭ ਦਿੱਤਾ ਜਿਸ ਕਾਰਨ ਦੂਰ ਦੂਰ ਤੱਕ ਵਾਹਨਾਂ ਦੀਆਂ ਲਾਇਨਾਂ ਲੱਗ ਗਈਆਂ। ਉਕਤ ਆਗੂਆਂ ਕਿਹਾ ਕਿ ਵਾਰ ਵਾਰ ਮੀਟਿੰਗਾਂ ਦੇ ਬਾਵਜੂਦ ਉਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮਜ਼ਬੂਰਨ ਉਨਾਂ ਨੂੰ ਅੱਜ ਸੜਕੀ ਆਵਾਜਾਈ ਰੋਕਣ ਦਾ ਕਦਮ ਚੁੱਕਣਾ ਪਿਆ ਹੈ। ਉਨਾਂ ਦੱਸਿਆ ਕਿ ਹਰ ਮੀਟਿੰਗ ’ਚ ਮੁੱਖ ਮੰਤਰੀ ਚੰਨੀ ਵੱਲੋਂ ਉਨਾਂ ਨੂੰ ਅਗਲੀ ਮੀਟਿੰਗ ’ਚ ਹੱਲ ਦਾ ਭਰੋਸਾ ਦਿੱਤਾ ਜਾਂਦਾ ਹੈ ਪਰ ਇਸਦੇ ਬਾਵਜੂਦ ਵੀ ਉਨਾਂ ਦੀ ਮੰਗ ਜਿਉਂ ਦੀ ਤਿਉਂ ਲਟਕ ਰਹੀ ਹੈ। ਪ੍ਰਧਾਨ ਖੁੱਡੀ ਨੇ ਕਿਹਾ ਕਿ ਹੋਰ ਸੂਬੇ ਆਸ਼ਾ ਵਰਕਰਾਂ ਤੇ ਆਸ਼ਾ ਫੈਸਿਲੀਟੇਟਰਾਂ ਨੂੰ ਬੱਝਵੇਂ ਮਾਣ ਭੱਤੇ ਦੇ ਰਹੀਆਂ ਹਨ ਪਰ ਪੰਜਾਬ ਸਰਕਾਰ ਦੀ ਪਤਾ ਨਹੀ ਕਿਹੜੀ ਮਜ਼ਬੂਰੀ ਹੈ ਜੋ ਉਨਾਂ ਨੂੰ ਬੱਝਵਾਂ ਭੱਤਾ ਦੇਣ ਤੋਂ ਕੰਨੀ ਕਤਰਾ ਰਹੀ ਹੈ। ਉਨਾਂ ਦੱਸਿਆ ਕਿ ਉਨਾਂ ਆਪਣੀਆਂ ਮੰਗਾਂ ਦੀ ਸਬੰਧੀ 17 ਨਵੰਬਰ ਤੋਂ ਕੰਮ ਛੋੜ ਹੜਤਾਲ ਵਿੱਢ ਰੱਖੀ ਹੈ ਪਰ ਹਾਲੇ ਤੱਕ ਵੀ ਪੰਜਾਬ ਸਰਕਾਰ ਦੇ ਕੰਨ ’ਤੇ ਜੂੰ ਤੱਕ ਨਹੀ ਸਰਕੀ, ਜਿਸ ਕਾਰਨ ਉਨਾਂ ਨੂੰ ਅਜਿਹਾ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨਾਂ ਚੇਤਾਵਨੀ ਦਿੱਤੀ ਕਿ ਜਿਨਾਂ ਚਿਰ ਉਨਾਂ ਦੀਆ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀ ਕੀਤਾ ਜਾਂਦਾ ਉਨਾਂ ਚਿਰ ਉਹ ਸੰਘਰਸ਼ ’ਤੇ ਰਹਿਣਗੀਆਂ। ਲੋੜ ਪਈ ਤਾਂ ਸਮੂਹ ਜ਼ਿਲਿਆਂ ’ਚ ਕਾਂਗਰਸ ਪਾਰਟੀ ਦੇ ਮੌਜੂਦਾ/ਸਾਬਕਾ ਵਿਧਾਇਕਾਂ ਤੇ ਮੈਂਬਰ ਪਾਰਲੀਮੈਂਟਾਂ ਦੇ ਘਰਾਂ/ਦਫ਼ਤਰਾਂ ਦਾ ਘਿਰਾਓ ਵੀ ਕੀਤਾ ਜਾਵੇਗਾ। ਪਰ ਮੰਗਾਂ ਦੀ ਪੂਰਤੀ ਬਿਨਾਂ ਸੰਘਰਸ਼ ਨੂੰ ਖ਼ਤਮ ਨਹੀ ਕੀਤਾ ਜਾਵੇਗਾ। ਇਸ ਮੌਕੇ ਸਿਮਰਜੀਤ ਕੌਰ, ਨਿੱਕੀ ਕੌਰ, ਗੁਰਵਿੰਦਰ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਆਸ਼ਾ ਵਰਕਰਾਂ ਤੇ ਆਸ਼ਾ ਫੈਸਿਲੀਟੇਟਰਾਂ ਹਾਜ਼ਰ ਸਨ। ਪੁਲਿਸ ਪ੍ਰਸਾਸਨ ਵੱਲੋਂ ਮਨਾਏ ਜਾਣ ਕਾਰਨ ਪ੍ਰਦਰਸ਼ਨਕਾਰੀਆਂ ਨੇ ਸੜਕੀ ਆਵਾਜਾਈ ਖੋਲ ਕੇ ਕੇਵਲ ਸਿੰਘ ਢਿੱਲੋਂ ਦੀ ਕੋਠੀ ਤੱਕ ਮਾਰਚ ਕੀਤੇ ਤੇ ਕੇਵਲ ਸਿੰਘ ਢਿੱਲੋ ਨੂੰ ਮੰਗ ਪੱਤਰ ਸੌਂਪਿਆ।