ਬਰਨਾਲਾ, 07 ਦਸੰਬਰ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਨਾਲ ਸੰਬੰਧਿਤ ਪਿੰਡਾਂ ਦੇ ਕਾਂਗਰਸੀ ਸਰਪੰਚਾਂ ਨੇ ਹਲਕਾ ਵਿਧਾਇਕ ਪਿਰਮਲ ਸਿੰਘ ਧੌਲਾ ਦੀ ਅਗਵਾਈ ਹੇਠ ਡੀਸੀ ਦਫ਼ਤਰ ਦਾ ਘਿਰਾਓ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਤਪਾ ਵਿਖੇ ਇੱਕ ਸਮਾਗਮ ਦੌਰਾਨ ਹਲਕਾ ਭਦੌੜ ਲਈ 25 ਕਰੋੜ ਦੀ ਗਰਾਂਟ ਦਾ ਐਲਾਨ ਕੀਤਾ ਗਿਆ ਸੀ ਪ੍ਰੰਤੂ ਇਸ ਗਰਾਂਟ ਦੀ ਵੰਡ ਜ਼ਿਲਾ ਪ੍ਰਸਾਸ਼ਨ ਵੱਲੋਂ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਦਬਾਅ ਤਹਿਤ ਕੀਤੀ ਜਾ ਰਹੀ ਹੈ। ਜਦਕਿ ਗਰਾਂਟ ਦੀ ਵੰਡ ਤਪਾ, ਭਦੌੜ ਅਤੇ ਹਲਕੇ ਦੇ ਪਿੰਡਾਂ ਦੀ ਅਬਾਦੀ ਅਨੁਸਾਰ ਹੋਣੀ ਚਾਹੀਦੀ ਹੈ। ਵਿਧਾਇਕ ਨੇ ਕਿਹਾ ਕਿ ਹਲਕੇ ਦੇ ਸਰਪੰਚਾਂ ਨੂੰ ਵਿਕਾਸ ਕਾਰਜਾਂ ਲਈ ਉਕਤ ਗਰਾਂਟ ਵਿੱਚੋਂ ਬਣਦਾ ਹਿੱਸਾ ਜਾਰੀ ਕਰਵਾਉਣ ਲਈ ਡਟ ਕੇ ਸਰਪੰਚਾਂ ਨਾਲ ਖੜਾਂਗਾ। ਜ਼ਿਲਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਪੱਤੀ ਸੇਖਵਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਪੈਸੇ ਵਿੱਚੋਂ ਵੱਡਾ ਹਿੱਸਾ ਤਪਾ ਅਤੇ ਭਦੌੜ ਨੂੰ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਪਿੰਡਾਂ ਲਈ ਨਾ-ਮਾਤਰ ਹੀ ਪੈਸਾ ਬਚਦਾ ਹੈ। ਇਸ ਵੰਡ ਨੀਤੀ ਖ਼ਿਲਾਫ਼ ਸਰਪੰਚਾਂ ਵਿੱਚ ਰੋਸ ਹੈ। ਉਨਾਂ ਕਿਹਾ ਕਿ ਪਿੰਡਾਂ ਲਈ ਬਣਦਾ ਹਿੱਸਾ ਜਾਰੀ ਕਰਵਾਉਣ ਲਈ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਗਿਆ ਹੈ । ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲੱਕਤਾ ਨੇ ਕਿਹਾ ਕਿ ਜੇਕਰ ਸਰਪੰਚਾਂ ਦੀ ਗੱਲ ’ਤੇ ਪ੍ਰਸਾਸ਼ਨ ਨੇ ਗ਼ੌਰ ਨਾਲ ਕੀਤਾ ਤਾਂ ਵੱਡਾ ਐਕਸ਼ਨ ਵੀ ਕੀਤਾ ਜਾ ਸਕਦਾ ਹੈ।