ਚੰਡੀਗੜ੍ਹ, 22 ਜੂਨ, Gee98 News service
-ਪੰਜਾਬ ਦੇ ਮੰਤਰੀ ਮੰਡਲ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਮੁੱਖ ਮੰਤਰੀ ਦੀਆਂ ਪਾਵਰਾਂ ਦੇ ਦਿੱਤੀਆਂ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਇਹ ਫੈਸਲਾ ਮੁੱਖ ਮੰਤਰੀ ਦੀ ਹੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸੂਬੇ ਦੇ ਮੁੱਖ ਸਕੱਤਰ ਨੂੰ ਰਾਜ ਦੇ ਵਿਕਾਸ ਅਥਾਰਿਟੀਆਂ ਦੀ ਅਗਵਾਈ ਸੌਂਪ ਦਿੱਤੀ ਗਈ ਹੈ। ਮੰਤਰੀ ਮੰਡਲ ਨੇ ਪੰਜਾਬ ਖੇਤਰੀ ਅਤੇ ਸ਼ਹਿਰੀ ਯੋਜਨਾਵਾਂ ਦੀ ਅਤੇ ਵਿਕਾਸ ਐਕਟ ਦੀ ਧਾਰਾ 29 (3) ਵਿੱਚ ਸੋਧ ਕਰਕੇ ਮੁੱਖ ਸਕੱਤਰ ਨੂੰ ਮੁੱਖ ਮੰਤਰੀ ਦੀਆਂ ਪਾਵਰਾਂ ਦੇ ਦਿੱਤੀਆਂ ਹਨ ਭਾਵ ਕਿ ਹੁਣ ਸੂਬੇ ਦੇ ਸਾਰੇ ਸਥਾਨਕ ਵਿਕਾਸ ਬੋਰਡਾਂ ਦੇ ਚੇਅਰਮੈਨ ਵਜੋਂ ਮੁੱਖ ਮੰਤਰੀ ਨਹੀਂ ਸਗੋਂ ਮੁੱਖ ਸਕੱਤਰ ਬਤੌਰ ਚੇਅਰਮੈਨ ਭੂਮਿਕਾ ਨਿਭਾਉਣਗੇ। ਸਿਆਸੀ ਮਾਹਿਰਾਂ ਵੱਲੋਂ ਇਸ ਵੱਡੇ ਘਟਨਾਕ੍ਰਮ ‘ਤੇ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਆਖ਼ਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਜਿਹੀ ਕਿਹੜੀ ਮਜਬੂਰੀ ਹੋ ਸਕਦੀ ਹੈ ਜਾਂ ਅਜਿਹੇ ਕਿਹੜੇ ਰੁਝੇਵੇ ਹੋ ਸਕਦੇ ਹਨ ਕਿ ਉਹਨਾਂ ਨੇ ਵਿਕਾਸ ਬੋਰਡਾਂ ਦੀ ਵਾਂਗਡੋਰ ਅਫ਼ਸਰਸ਼ਾਹੀ ਦੇ ਹੱਥ ਸੌਂਪ ਦਿੱਤੀ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੇ ਪੰਜਾਬ ਦੇ ਮੰਤਰੀ ਮੰਡਲ ਤੋਂ ਇਹ ਫੈਸਲਾ “ਬਾਂਹ ਮਰੋੜ” ਕੇ ਕਰਵਾਇਆ ਹੈ। ਅੰਦਰਲੀਆਂ ਕਨਸੋਆਂ ਇਹ ਵੀ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਜ਼ਿਲ੍ਹੇ ਵਿੱਚ 24311 ਏਕੜ ਅਤੇ ਮੋਹਾਲੀ ਦੇ ਆਸ ਪਾਸ 6285 ਏਕੜ ਜ਼ਮੀਨ ਨੂੰ ਨਵੀਂ ਲੈਂਡ ਪੂਲਿੰਗ ਨੀਤੀ ਤਹਿਤ ਅਕਵਾਇਰ ਕਰਨ ਸਬੰਧੀ ਪਾਰਟੀ ਨਾਲੋਂ ਵੱਖਰੀ ਰਾਇ ਰੱਖੀ ਹੋਈ ਹੈ ਜਿਸ ਕਰਕੇ ਮੁੱਖ ਮੰਤਰੀ ਨੂੰ ਇਹ ਵੱਡਾ ਝਟਕਾ ਦਿੱਤਾ ਗਿਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਤੇ ਰੁਝੇਵਿਆਂ ਕਾਰਨ ਮੁੱਖ ਸਕੱਤਰ ਨੂੰ ਇਹ ਤਾਕਤਾਂ ਦਿੱਤੀਆਂ ਗਈਆਂ ਹਨ ਪ੍ਰੰਤੂ ਹੈਰਾਨੀ ਇਸ ਗੱਲ ਦੀ ਹੈ ਕਿ ਆਖਰ ਮੰਤਰੀ ਦੇ ਇਹਨਾਂ ਰੁਝੇਵਿਆਂ ਦੀ ਪਰਿਭਾਸ਼ਾ ਕੀ ਹੈ ਅਤੇ ਜੇਕਰ ਮੁੱਖ ਮੰਤਰੀ ਐਨੀਆਂ ਅਹਿਮ ਜ਼ਿੰਮੇਵਾਰੀਆਂ ਲਈ ਸਮਾਂ ਨਹੀਂ ਕੱਢ ਸਕਦੇ ਤਾਂ ਮੁੱਖ ਮੰਤਰੀ ਦੀਆਂ ਹੋਰ ਕਿਹੜੀਆਂ ਜ਼ਿੰਮੇਵਾਰੀਆਂ ਹਨ। ਦਰਅਸਲ ਪਿਛਲੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵੱਲੋਂ ਪੰਜਾਬ ਸਰਕਾਰ ਦੇ ਕੰਮਾਂ ‘ਚ ਦਖਲ ਅੰਦਾਜ਼ੀ ਤੋਂ ਇਹ ਸਾਹਮਣੇ ਆ ਰਿਹਾ ਹੈ ਕਿ ਆਪ ਦੀ ਹਾਈ ਕਮਾਂਡ ਅਤੇ ਭਗਵੰਤ ਮਾਨ ਵਿਚਕਾਰ “ਸਭ ਅੱਛਾ ਨਹੀਂ” ਹੈ।
ਚੇਤੇ ਰਹੇ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਾਸ ਵਿਅਕਤੀਆਂ ਨੂੰ ਪੰਜਾਬ ਦੇ ਸਰਕਾਰੀ ਅਦਾਰਿਆਂ ਵਿੱਚੋਂ ਚੁਣ ਚੁਣ ਕੇ ਕੱਢ ਦਿੱਤਾ ਗਿਆ ਸੀ ਅਤੇ ਉਹਨਾਂ ਦੀ ਜਗ੍ਹਾ ‘ਤੇ ਦਿੱਲੀ ਯੂਪੀ ਤੋਂ ਬੰਦੇ ਲਿਆ ਕੇ ਫਿੱਟ ਕਰ ਦਿੱਤੇ ਗਏ ਹਨ। ਆਪ ਦੀ ਕੌਮੀ ਹਾਈਕਮਾਂਡ ਦੇ ਹੁਕਮਾਂ ‘ਤੇ ਪੰਜਾਬ ਸਰਕਾਰ ਵਿੱਚ ਹੋ ਫੇਰਬਦਲ ਸੰਬੰਧੀ ਸੋਸ਼ਲ ਮੀਡੀਆ ‘ਤੇ ਕੁਝ ਅਜਿਹੀਆਂ ਟਿੱਪਣੀਆਂ ਵੀ ਦੇਖਣ ਨੂੰ ਮਿਲ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਲਈ 2014 ਤੋਂ ਲੈ ਕੇ ਦਿਨ ਰਾਤ ਕੰਮ ਕਰਨ ਵਾਲੇ ਟਕਸਾਲੀ ਆਗੂ ਤੇ ਵਲੰਟੀਅਰ “ਗਿਟਕਾਂ” ਗਿਣ ਰਹੇ ਹਨ ਜਦਕਿ “ਅੰਬ” ਦਿੱਲੀ ਵਾਲੇ ਚੂਪ ਰਹੇ। ਆਪ ਦੀ ਹਾਈ ਕਮਾਂਡ ਵੱਲੋਂ ਪੰਜਾਬ ਸਰਕਾਰ ‘ਤੇ ਕੀਤੀ ਪਕੜ ਕਾਰਨ ਪੈਦਾ ਹੋਏ ਹਾਲਾਤਾਂ ‘ਤੇ ਬੱਬੂ ਮਾਨ ਦਾ ਉਹ ਗੀਤ ਵੀ ਢੁੱਕਦਾ ਹੈ ਜਿਸ ਵਿੱਚ ਕਿਆਰੀਆਂ ਆਸ਼ਿਕ ਗੁੱਡਦਾ ਰਹਿ ਜਾਂਦੈ ਪਰ ਫੁੱਲ ਵਲੈਤ ਵਾਲੇ ਲੈ ਜਾਂਦੇ ਹਨ।