ਬਰਨਾਲਾ 20 ਜੂਨ, ਨਿਰਮਲ ਸਿੰਘ ਪੰਡੋਰੀ
-ਜੇਕਰ ਸਰਕਾਰ ਨੇ ਸੀਵਰੇਜ ਬੋਰਡ ਦੇ ਕੱਚੇ ਕਾਮਿਆਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ‘ਚ ਬਰਨਾਲਾ ਸ਼ਹਿਰ ਵਿੱਚ ਸੀਵਰੇਜ ਦੀ ਬਦਬੂ ਲੋਕਾਂ ਦੇ ਨੱਕ ‘ਚ ਦਮ ਕਰ ਸਕਦੀ ਹੈ। ਦੱਸ ਦੇਈਏ ਕਿ ਪੰਜਾਬ ਪੱਧਰ ‘ਤੇ ਸੀਵਰੇਜ ਬੋਰਡ ਦੇ ਆਊਟਸੋਰਸ ਕਾਮਿਆਂ ਦੀ “ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ” ਪੰਜਾਬ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ 10 ਜੂਨ ਤੋਂ ਲੈ ਕੇ ਕੰਮ ਠੱਪ ਕੀਤਾ ਹੋਇਆ ਜਿਸ ਤਹਿਤ ਬਰਨਾਲਾ ਸ਼ਹਿਰ ਵਿੱਚ ਵੀ 10 ਜੂਨ ਤੋਂ ਲੈ ਕੇ ਸੀਵਰੇਜ ਕਾਮੇ ਹੜ੍ਹਤਾਲ ਕਰਕੇ ਧਰਨੇ ‘ਤੇ ਬੈਠੇ ਹਨ ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਰਕਾਰ ਇਹਨਾਂ ਕਾਮਿਆਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸੀਵਰੇਜ ਕਾਮਿਆਂ ਦੇ ਧਰਨੇ ‘ਚ ਸ਼ਮੂਲੀਅਤ ਕਰਕੇ ਇਨਾਂ ਕਾਮਿਆਂ ਦੀ ਮੰਗਾਂ ਦੀ ਹਮਾਇਤ ਕੀਤੀ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਈ ਵਰ੍ਹਿਆਂ ਤੋਂ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰਦੇ ਆ ਰਹੇ ਇਹਨਾਂ ਆਊਟਸੋਰਸ ਕਾਮਿਆਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਵਿਧਾਇਕ ਢਿੱਲੋਂ ਨੇ ਕਿਹਾ ਕਿ ਸਮੇਂ ਸਿਰ ਸੀਵਰੇਜ ਦੀ ਸਫਾਈ ਨਾ ਹੋਣ ਦਾ ਸਾਫ਼ ਮਤਲਬ ਹੈ ਕਿ ਲੋਕਾਂ ਨੂੰ ਭਿਆਨਕ ਬਿਮਾਰੀਆਂ ਆਪਣੀ ਲਪੇਟ ਵਿੱਚ ਲੈਣਗੀਆਂ ਪਰੰਤੂ ਇਸ ਦੇ ਬਾਵਜੂਦ ਵੀ ਸਰਕਾਰ ਅਤੇ ਪ੍ਰਸ਼ਾਸਨ ਸੀਵਰੇਜ ਬੋਰਡ ਦੇ ਆਊਟਸੋਰਸ ਕਾਮਿਆਂ ਦੇ ਧਰਨੇ ਵੱਲ ਧਿਆਨ ਨਹੀਂ ਦੇ ਰਿਹਾ।
ਵਿਧਾਇਕ ਢਿੱਲੋਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸੇ ਤਰ੍ਹਾਂ ਸੀਵਰੇਜ ਬੋਰਡ ਦੇ ਆਊਟਸੋਰਸ ਕਾਮਿਆਂ ਦੀਆਂ ਮੰਗਾਂ ਤੋਂ ਅੱਖਾਂ ਬੰਦ ਕਰੀ ਰੱਖੀਆਂ ਤਾਂ ਆਉਣ ਵਾਲੇ ਸਮੇਂ ‘ਚ ਇਹਨਾਂ ਦੀ ਹੜ੍ਹਤਾਲ ਕਰਕੇ ਸੀਵਰੇਜ ਦੀ ਸਮੱਸਿਆ ਲੋਕਾਂ ਲਈ ਵਿਕਰਾਲ ਰੂਪ ਧਾਰਨ ਕਰ ਜਾਵੇਗੀ ਜਿਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਢਿੱਲੋਂ ਨੇ ਕਿਹਾ ਕਿ ਸਰਕਾਰ ਦੀ ਇਸ ਤੋਂ ਵੱਡੀ ਅਸਫਲਤਾ ਤੇ ਲਾਪਰਵਾਹੀ ਹੋਰ ਕੋਈ ਨਹੀਂ ਹੋ ਸਕਦੀ ਕਿ ਅੱਤ ਦੀ ਗਰਮੀ ‘ਚ ਕੱਚੇ ਮਜ਼ਦੂਰਾਂ ਨੂੰ ਧਰਨੇ ਦੇਣੇ ਪੈ ਰਹੇ ਹਨ। ਬਰਨਾਲਾ ਵਿਖੇ 10 ਜੂਨ ਤੋਂ ਧਰਨੇ ‘ਤੇ ਬੈਠੇ ਇਨ੍ਹਾਂ ਆਊਟਸੋਰਸ ਕਾਮਿਆਂ ਨੂੰ ਵਿਧਾਇਕ ਢਿੱਲੋਂ ਨੇ ਵਿਸ਼ਵਾਸ ਦਿੱਤਾ ਕਿ ਉਹ ਸਰਕਾਰੀ ਪਲੇਟਫਾਰਮ ‘ਤੇ ਉਹਨਾਂ ਦੀਆਂ ਮੰਗਾਂ ਜ਼ੋਰ ਨਾਲ ਉਠਾਉਣਗੇ। ਦੂਜੇ ਪਾਸੇ ਸੀਵਰੇਜ ਬੋਰਡ ਦੇ ਕਾਮਿਆਂ ਦੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਧ ਧਿਆਨ ਨਾ ਦਿੱਤਾ ਤਾਂ ਉਹ ਬਰਨਾਲਾ ਦੇ ਬਾਜਾਖਾਨਾ ਰੋਡ ‘ਤੇ ਸੀਵਰੇਜ ਦੇ ਵੱਡੇ ਪਲਾਂਟ ਨੂੰ ਵੀ ਬੰਦ ਕਰ ਸਕਦੇ ਹਨ। ਪ੍ਰਧਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਕਿ ਇਹ ਆਊਟਸੋਰਸ ਕਾਮੇ 25-30 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ ਹਨ ਜਿਸ ਨਾਲ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਗੁਜ਼ਾਰਾ ਕਰਨਾ ਔਖਾ ਹੈ ਪ੍ਰੰਤੂ ਇਸਦੇ ਬਾਵਜੂਦ ਵੀ ਸਰਕਾਰ ਤਨਖਾਹ ਵਿੱਚ ਵਾਧੇ ਸਮੇਤ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਜਿਸ ਕਰਕੇ ਇਹਨਾਂ ਆਊਟਸੋਰਸ ਕੰਮਾਂ ਨੂੰ ਮਜਬੂਰੀ ਵੱਸ ਅੱਤ ਦੀ ਗਰਮੀ ‘ਚ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਹਨ।