ਚੰਡੀਗੜ੍ਹ, 7 ਅਪ੍ਰੈਲ, Gee98 News service
-ਲੱਗਭੱਗ 18 ਸਾਲ ਪਹਿਲਾਂ ਦੀ ਮੋਗਾ ਸੈਕਸ ਸਕੈਂਡਲ ਵਿੱਚ ਦੋਸ਼ੀ ਪਾਏ ਗਏ ਪੁਲਿਸ ਮੁਲਾਜ਼ਮਾਂ ਨੂੰ ਸੀਬੀਆਈ ਦੀ ਮੋਹਾਲੀ ਵਿਸ਼ੇਸ਼ ਅਦਾਲਤ ਨੇ 5-5 ਸਾਲ ਕੈਦ ਅਤੇ 2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਦੇ ਇੱਕ ਦੋਸ਼ੀ ਤਤਕਾਲੀ ਥਾਣੇਦਾਰ ਰਮਨ ਕੁਮਾਰ ਨੂੰ ਦੂਜੇ ਦੋਸ਼ੀਆਂ ਨਾਲੋਂ ਤਿੰਨ ਸਾਲ ਦੀ ਵਾਧੂ ਸਜ਼ਾ ਤੇ 1 ਲੱਖ ਰੁਪਏ ਵਾਧੂ ਜੁਰਮਾਨਾ ਵੀ ਕੀਤਾ ਗਿਆ ਹੈ। ਸਾਲ 2007 ਨਾਲ ਸੰਬੰਧਿਤ ਸੈਕਸ ਸਕੈਂਡਲ ‘ਚ ਜਿਨਾਂ ਪੁਲਿਸ ਅਫ਼ਸਰਾਂ ਨੂੰ ਅੱਜ ਅਦਾਲਤ ਨੇ ਸਜ਼ਾ ਸੁਣਾਈ ਉਹਨਾਂ ਵਿੱਚ ਤਤਕਾਲੀ ਐਸਐਸਪੀ ਮੋਗਾ ਦਵਿੰਦਰ ਸਿੰਘ ਗਰਚਾ, ਤਤਕਾਲੀ ਐਸਪੀ ਹੈਡਕੁਆਰਟਰ ਮੋਗਾ ਪਰਮਦੀਪ ਸਿੰਘ ਸੰਧੂ, ਤਤਕਾਲੀ ਐਸਐਚਓ ਥਾਣਾ ਸਿਟੀ ਮੋਗਾ ਰਮਨ ਕੁਮਾਰ ਅਤੇ ਇੰਸਪੈਕਟਰ ਅਮਰਜੀਤ ਸਿੰਘ ਦੇ ਨਾਮ ਸ਼ਾਮਿਲ ਹਨ। ਇਸ ਮਾਮਲੇ ਦਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਮੋਟੋ ਨੋਟਿਸ ਲਿਆ ਅਤੇ ਸੀਬੀਆਈ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਉਕਤ ਦੋਸ਼ੀ ਕਰਮਚਾਰੀ ਪੁਲਿਸ ਮੁਲਾਜ਼ਮ ਦੋ ਜ਼ਨਾਨੀਆਂ ਨਾਲ ਰਲ ਕੇ ਦੇਹ ਵਪਾਰ ਦੇ ਮਾਮਲਿਆਂ ਵਿੱਚ ਮੋਹਤਬਰਾਂ, ਵਪਾਰੀਆਂ ਅਤੇ ਸਿਆਸਤਦਾਨਾਂ ਨੂੰ ਫਸਾ ਕੇ ਉਹਨਾਂ ਤੋਂ ਮੋਟੇ ਪੈਸੇ ਵਸੂਲਦੇ ਸਨ। ਇਸੇ ਤਰ੍ਹਾਂ ਜਦ ਉਕਤ ਦੋਸ਼ੀ ਮੁਲਾਜ਼ਮਾਂ ਨੇ ਦੇਹਵਪਾਰ ਦੇ ਇਕ ਮਾਮਲੇ ‘ਚ ਸ਼ਿਕਾਇਤ ਕਰਤਾ ਰਣਜੀਤ ਸਿੰਘ ਨੂੰ ਫਸਾਉਣ ਦਾ ਯਤਨ ਕੀਤਾ ਤਾਂ ਰਣਜੀਤ ਸਿੰਘ ਨੇ ਇੱਕ ਪੁਲਿਸ ਮੁਲਾਜ਼ਮਾਂ ਦੀ ਰਿਕਾਰਡਿੰਗ ਕਰ ਲਈ ਜੋ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਤੱਕ ਲੈ ਗਈ। ਪਿੰਡ ਭਾਗੀਕੇ ਦੇ ਵਸਨੀਕ ਸ਼ਿਕਾਇਤਕਰਤਾ ਰਣਜੀਤ ਸਿੰਘ ਨੇ ਉਸ ਵੇਲੇ ਦੇ ਜਾਂਚ ਅਧਿਕਾਰੀ ਏਡੀਜੀਪੀ ਚੰਦਰਸ਼ੇਖਰ ਕੋਲ ਉਹ ਰਿਕਾਰਡਿੰਗ ਪੇਸ਼ ਕੀਤੀ ਜਿਸ ਵਿੱਚ ਪੁਲਿਸ ਅਧਿਕਾਰੀਆਂ ਨੂੰ ਸਾਫ਼ ਸੁਣਿਆ ਜਾ ਸਕਦਾ ਸੀ ਜੋ ਰਣਜੀਤ ਸਿੰਘ ਤੋਂ ਕੇਸ ਵਿੱਚ ਫਸਾਉਣ ਬਦਲੇ ਪੈਸੇ ਮੰਗ ਰਹੇ ਸਨ। ਸੀਬੀਆਈ ਵੱਲੋਂ ਇਸ ਕੇਸ ਦੀ ਪੜ੍ਹਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਕਤ ਦੋਸ਼ੀ ਪੁਲਿਸ ਮੁਲਾਜ਼ਮ ਲੱਗਭੱਗ 200 ਮੋਹਤਬਰ ਵਿਅਕਤੀਆਂ ਨੂੰ ਦੇਹ ਵਪਾਰ ਦੇ ਮਾਮਲਿਆਂ ‘ਚ ਫਸਾ ਕੇ ਉਹਨਾਂ ਤੋਂ ਮੋਟੀਆਂ ਰਕਮਾਂ ਵਸੂਲ ਕਰ ਚੁੱਕੇ ਸਨ। ਦੇਹ ਵਪਾਰ ਦੇ ਮਾਮਲਿਆਂ ‘ਚ ਫਸਾਉਣ ਦੀਆਂ ਧਮਕੀਆਂ ਦੇ ਕੇ ਰਸੂਖਵਾਨਾਂ ਤੋਂ ਮੋਟੀਆਂ ਰਕਮਾਂ ਵਸੂਲਣ ਦੇ ਦੋਸ਼ੀ ਉਕਤ ਪੁਲਿਸ ਮੁਲਾਜ਼ਮਾਂ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਦੀ ਚਰਚਾ ਤਾਂ ਹੋਣੀ ਹੀ ਹੈ ਸਗੋਂ ਇਹਨਾਂ ਪੁਲਿਸ ਮੁਲਾਜ਼ਮਾਂ ਦੀ ਸਮਾਜਿਕ ਕਿਰਕਰੀ ਵੀ ਹੋ ਰਹੀ ਹੈ।