ਚੰਡੀਗੜ੍ਹ,23 ਦਸੰਬਰ, Gee98 news service
-ਕਿਸਾਨੀ ਮੰਗਾਂ ਦੇ ਸਬੰਧ ਵਿੱਚ ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜ਼ਿੰਦਗੀ ਨਾਲ ਰਾਜਨੀਤੀ ਖੇਡੀ ਜਾ ਰਹੀ ਹੈ। ਇਹ ਦੋਸ਼ ਖਨੌਰੀ ਬਾਰਡਰ ‘ਤੇ ਮਰਨ ਵਰਤ ਦੌਰਾਨ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਦੇਖਰੇਖ ਕਰ ਰਹੇ ਪੰਜਾਬੀ ਮੂਲ ਦੇ ਅਮਰੀਕੀ ਡਾਕਟਰ ਸਵੈਮਾਨ ਸਿੰਘ ਨੇ ਲਗਾਏ। ਦੱਸ ਦੇਈਏ ਕਿ ਡਾਕਟਰ ਸਵੈਮਾਨ ਸਿੰਘ ਸ਼ੁਰੂ ਤੋਂ ਹੀ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਹਨ ਅਤੇ ਉਹ ਜਗਜੀਤ ਸਿੰਘ ਡੱਲੇਵਾਲ ਦੀ ਖਨੌਰੀ ਬਾਰਡਰ ‘ਤੇ ਰੋਜ਼ਾਨਾ ਦੇਖ ਦੇਖ ਕਰ ਰਹੇ ਹਨ। ਡਾਕਟਰ ਸਵੈਮਾਨ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਡੱਲੇਵਾਲ ਦੀ ਸਿਹਤ ਸਬੰਧੀ ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਰਿਪੋਰਟ ‘ਤੇ ਵੀ ਸਵਾਲ ਚੁੱਕੇ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਰਿਪੋਰਟ ਪੇਸ਼ ਕੀਤੀ ਸੀ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸਥਿਤੀ ਨਾਰਮਲ ਹੈ। ਡੱਲੇਵਾਲ ਦੀ ਦੇਖਰੇਖ ਕਰ ਰਹੀ ਡਾਕਟਰਾਂ ਦੀ ਟੀਮ ਨੇ ਕਿਹਾ ਕਿ 70 ਸਾਲ ਦੀ ਉਮਰ ‘ਚ ਪਿਛਲੇ 26 ਦਿਨ ਤੋਂ ਮਰਨ ਵਰਤ ‘ਤੇ ਬੈਠੇ ਕਿਸੇ ਵਿਅਕਤੀ ਦੀ ਸਿਹਤ ਸਥਿਤੀ ਨੂੰ ਨਾਰਮਲ ਕਿਵੇਂ ਕਿਹਾ ਜਾ ਸਕਦਾ ਹੈ। ਡਾਕਟਰ ਸਵੈਮਾਨ ਸਿੰਘ ਨੇ ਹੈਰਾਨੀ ਪ੍ਰਗਟ ਕੀਤੀ ਕਿ ਡੱਲੇਵਾਲ ਨੇ ਪਿਛਲੇ 26 ਦਿਨਾਂ ਤੋਂ ਕੁਝ ਵੀ ਨਹੀਂ ਖਾਧਾ ਪੀਤਾ ਪ੍ਰੰਤੂ ਸਰਕਾਰ ਸੁਪਰੀਮ ਕੋਰਟ ਨੂੰ ਆਖ ਰਹੀ ਹੈ ਕਿ ਉਹਨਾਂ ਦੀ ਸਥਿਤੀ ਨਾਰਮਲ ਹੈ। ਡਾਕਟਰ ਸਵੈਮਾਨ ਸਿੰਘ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਤੇ ਉਹਨਾਂ ਦੀ ਇਮਿਊਨਿਟੀ ਵੀ ਘੱਟ ਰਹੀ ਹੈ। ਉਹਨਾਂ ਕਿਹਾ ਕਿ ਡੱਲੇਵਾਲ ਦੀ ਇਨਫੈਕਸ਼ਨ ਵਧ ਰਹੀ ਹੈ, ਅਜਿਹੀ ਸਥਿਤੀ ਵਿੱਚ ਸਰਕਾਰ ਨੇ ਸੁਪਰੀਮ ਕੋਰਟ ‘ਚ ਰਿਪੋਰਟ ਪੇਸ਼ ਕੀਤੀ ਕਿ ਡੱਲੇਵਾਲ ਦੀ ਸਥਿਤੀ ਨਾਰਮਲ ਹੈ। ਡਾਕਟਰ ਸਵੈਮਾਨ ਨੇ ਦੋਸ਼ ਲਗਾਏ ਕਿ ਡੱਲੇਵਾਲ ਦੀ ਜ਼ਿੰਦਗੀ ਨਾਲ ਰਾਜਨੀਤੀ ਖੇਡੀ ਜਾ ਰਹੀ ਹੈ। ਡਾਕਟਰ ਸਵੈਮਾਨ ਸਿੰਘ ਦੇ ਇਹ ਵੱਡੇ ਦੋਸ਼ ਦੋਵੇਂ ਸਰਕਾਰਾਂ ਨੂੰ ਇਸ ਮਾਮਲੇ ਸਬੰਧੀ ਕਟਹਿਰੇ ਵਿੱਚ ਖੜਾ ਕਰ ਰਹੇ ਹਨ।