ਚੰਡੀਗੜ੍ਹ,18 ਅਕਤੂਬਰ, Gee98 news service
-ਪੰਜਾਬ ਦੇ ਮਿਡਲ ਸਕੂਲਾਂ ਸਬੰਧੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਡਲ ਸਕੂਲਾਂ ਨੂੰ ਖਤਮ ਕਰਨ ਸਬੰਧੀ ਵੱਡਾ ਬਿਆਨ ਦਿੱਤਾ ਹੈ। ਸਰਕਾਰ ਸੂਬੇ ਦੇ ਮਿਡਲ ਸਕੂਲਾਂ ਦਾ ਹਾਈ ਸਕੂਲਾਂ ਵਿੱਚ ਰਲੇਵਾਂ ਕਰਨ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਅਨੁਸਾਰ ਸਿੱਖਿਆ ਵਿਭਾਗ ਨੇ ਇਸ ਯੋਜਨਾ ਨੂੰ ਅੰਤਿਮ ਰੂਪ ਵੀ ਦੇ ਦਿੱਤਾ ਹੈ ਅਤੇ ਇਸ ਸਬੰਧੀ ਅਜਿਹੇ ਮਿਡਲ ਸਕੂਲਾਂ ਦੀ ਸੂਚੀ ਵੀ ਤਿਆਰ ਕਰ ਲਈ ਗਈ ਹੈ ਜਿੱਥੇ ਅਧਿਆਪਕਾਂ ਦੀ ਗਿਣਤੀ ਤਾਂ ਪੂਰੀ ਹੈ ਪਰੰਤੂ ਬੱਚੇ ਪੂਰੇ ਨਹੀਂ ਹਨ।ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਹਲਕਾ ਵਿਧਾਇਕ ਅਤੇ ਸਰਪੰਚ ਦੀ ਸਹਿਮਤੀ ਨਾਲ ਪਿੰਡ ਦੇ ਮਿਡਲ ਸਕੂਲ ਦਾ ਨੇੜੇ ਦੇ ਹਾਈ ਸਕੂਲ ਵਿੱਚ ਰਲੇਵਾਂ ਕਰ ਦਿੱਤਾ ਜਾਵੇਗਾ ਅਤੇ ਆਸ ਪਾਸ ਦੇ ਪਿੰਡਾਂ ਵਿੱਚੋਂ ਹਾਈ ਸਕੂਲ ਵਿੱਚ ਪੜ੍ਹਨ ਆਉਣ ਵਾਲੇ ਬੱਚਿਆਂ ਲਈ ਬੱਸ ਸਰਵਿਸ ਦੀ ਸੁਵਿਧਾ ਦਿੱਤੀ ਜਾਵੇਗੀ। ਭਾਵੇਂ ਕਿ ਸਿੱਖਿਆ ਮੰਤਰੀ, ਵਿਧਾਇਕ ਤੇ ਸਰਪੰਚ ਦੀ ਸਹਿਮਤੀ ਦੀ ਗੱਲ ਕਰ ਰਹੇ ਹਨ ਪ੍ਰੰਤੂ ਭਰੋਸੇਯੋਗ ਸੂਤਰਾਂ ਅਨੁਸਾਰ ਸਰਕਾਰ ਨੇ ਅਜਿਹੇ ਮਿਡਲ ਸਕੂਲਾਂ ਦੀ ਸੂਚੀ ਵੀ ਤਿਆਰ ਕਰ ਲਈ ਹੈ ਜਿਨਾਂ ਨੂੰ ਹਾਈ ਸਕੂਲਾਂ ਵਿੱਚ ਮਿਲਾ ਦਿੱਤਾ ਜਾਵੇਗਾ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਹਲਕਾ ਵਿਧਾਇਕ ਤੇ ਪਿੰਡ ਦੀ ਪੰਚਾਇਤ ਆਪਣੇ ਪਿੰਡ ਦੇ ਮਿਡਲ ਸਕੂਲ ਨੂੰ ਨੇੜੇ ਦੇ ਹਾਈ ਸਕੂਲ ਵਿੱਚ ਰਲੇਵਾਂ ਕਰਨ ਦੀ ਸਹਿਮਤੀ ਨਹੀਂ ਦੇਵੇਗੀ ਤਾਂ ਉਸ ਮਿਡਲ ਸਕੂਲ ਵਿੱਚੋਂ ਵਾਧੂ ਅਧਿਆਪਕਾਂ ਦੀ ਗਿਣਤੀ ਨੂੰ ਚੁੱਕ ਲਿਆ ਜਾਵੇਗਾ ਭਾਵ ਕਿ ਉਸ ਮਿਡਲ ਸਕੂਲ ਵਿੱਚ ਹਾਜ਼ਰ ਵਿਦਿਆਰਥੀਆਂ ਦੀ ਗਿਣਤੀ ਦੇ ਅਨੁਪਾਤ ਅਨੁਸਾਰ ਹੀ ਉਥੇ ਅਧਿਆਪਕ ਰੱਖੇ ਜਾਣਗੇ। ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਬਹੁਤੇ ਮਿਡਲ ਸਕੂਲਾਂ ਦੀ ਹੋਂਦ ਤੇ ਸਵਾਲ ਲੱਗ ਚੁੱਕਾ ਹੈ ਕਿਉਂਕਿ ਸੂਬੇ ਦੇ ਬਹੁਤੇ ਮਿਡਲ ਸਕੂਲ ਅਜਿਹੇ ਹਨ ਜਿੱਥੇ ਅਧਿਆਪਕਾਂ ਦੀ ਗਿਣਤੀ ਤਾਂ ਪੂਰੀ ਹੈ ਪਰੰਤੂ ਬੱਚਿਆਂ ਦੀ ਗਿਣਤੀ ਅਧਿਆਪਕਾਂ ਦੇ ਅਨੁਪਾਤ ਅਨੁਸਾਰ ਪੂਰੀ ਨਹੀਂ ਹੈ।