ਮਹਿਲ ਕਲਾਂ 21 ਸਤੰਬਰ ( ਜਸਵੰਤ ਸਿੰਘ ਲਾਲੀ ) ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਤਰਕ , ਦਲੇਰੀ ਅਤੇ ਦ੍ਰਿੜਤਾ ਨਾਲ ਗੱਲ ਕਰਨ ਵਾਲੇ ਮਾਲਵਿੰਦਰ ਸਿੰਘ ਮਾਲੀ ਉੱਤੇ ਪਾਏ ਝੂਠੇ ਕੇਸ ਦੀ ਵੱਖ ਵੱਖ ਮਜ਼ਦੂਰ ਅਤੇ ਸਮਾਜ ਸੇਵੀ ਆਗੂਆਂ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਉਘੇ ਸਮਾਜਸੇਵੀ ਭਾਨ ਸਿੰਘ ਜੱਸੀ ਦੀ ਅਗਵਾਈ ਹੇਠ ਤਹਿਸੀਲਦਾਰ ਮਹਿਲ ਕਲਾਂ ਨੂੰ ਮੰਗ ਪੱਤਰ ਦਿੱਤਾ । ਇਸ ਮੌਕੇ ਉਹਨਾਂ ਕਿਹਾ ਕਿ ਪੁਲਿਸ ਵੱਲੋ ਬਣਾਏ ਗਏ ਨਿਰਆਧਾਰ ਕੇਸ ਨੂੰ ਰੱਦ ਕਰਨ ਉਪਰੰਤ ਤੁਰੰਤ ਰਿਹਾ ਕੀਤਾ ਜਾਵੇ । ਇਸ ਮੌਕੇ ਬੋਲਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਪ੍ਰਕਾਸ਼ ਸਿੰਘ ਸੱਦੋਵਾਲ , ਜ਼ਿਲ੍ਹਾ ਸਕੱਤਰ ਕਾਮਰੇਡ ਭੋਲਾ ਸਿੰਘ ਕਲਾਲਮਾਜਰਾ , ਜਿਲਾ ਮੀਤ ਪ੍ਰਧਾਨ ਕਾਮਰੇਡ ਸਾਧੂ ਸਿੰਘ ਛੀਨੀਵਾਲ ਕਲਾਂ ਆਦਿ ਆਗੂਆਂ ਨੇ ਕਿਹਾ ਕਿ ਸਾਬਕਾ ਵਿਦਿਆਰਥੀ ਆਗੂ ਮਾਲਵਿੰਦਰ ਸਿੰਘ ਮਾਲੀ ਪਿਛਲੇ ਲੰਮੇ ਸਮੇਂ ਤੋਂ ਹੀ ਪੰਜਾਬ ਦੇ ਚਰਚਿਤ ਮੁੱਦਿਆਂ ਦੇ ਹੱਕ ਵਿੱਚ ਡੱਟਕੇ ਸਟੈਂਡ ਲੈਂਦੇ ਹੋਏ ਦੋਗਲੇ ਕਿਰਦਾਰ ਵਾਲੇ ਲੋਕਾਂ ਦੇ ਪਰਦੇਫਾਸ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਇਸ ਧੱਕੇ ਦੇ ਵਿਰੋਧ ਵਿੱਚ ਜਮਹੂਰੀਅਤ ਪਸੰਦ ਬੁੱਧੀਜੀਵੀ ਵਿਅਕਤੀਆਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਸ: ਮਾਲੀ ਦੇ ਹੱਕ ਵਿੱਚ ਥਾਂ-ਥਾਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਪਰੋਕਤ ਆਗੂਆਂ ਨੇ ਕਿਹਾ ਕਿ ਜੇਕਰ ਮਾਲਵਿੰਦਰ ਸਿੰਘ ਮਾਲੀ ਵਿਰੁੱਧ ਕੀਤਾ ਕੇਸ ਵਾਪਸ ਨਾ ਲਿਆ ਤਾਂ ਉਹ ਜਨਤਕ ਜਥੇਬੰਦੀਆਂ ਨਾਲ ਰਲਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬੇਗਮਪੁਰਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾਕਟਰ ਸ਼ਮਸ਼ੇਰ ਸਿੰਘ ਬੱਧਣ , ਬਲਵੰਤ ਰਾਏ , ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ , ਜ਼ਿਲ੍ਹਾ ਮੀਤ ਪ੍ਰਧਾਨ ਕੌਰ ਸਿੰਘ ਕਲਾਲ ਮਾਜਰਾ , ਅਤੇ ਦੀਦਾਰ ਸਿੰਘ ਖਾਲਸਾ ਆਦਿ ਸ਼ਖਸੀਅਤਾਂ ਮੌਜੂਦ ਸਨ |