ਬਰਨਾਲਾ,21 ਸਤੰਬਰ (ਨਿਰਮਲ ਸਿੰਘ ਪੰਡੋਰੀ)-
-ਕਾਂਗਰਸ ਪਾਰਟੀ ਨੂੰ ਬੇਦਾਵਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਕੌਂਸਲ ਦੀ ਪ੍ਰਧਾਨਗੀ ਦੀ ਕੁਰਸੀ ‘ਤੇ ਸ਼ੁੱਕਰਵਾਰ ਦੇਰ ਸ਼ਾਮ ਮੁੜ ਬਿਰਾਜਮਾਨ ਹੋ ਗਏ ਹਨ। ਚੇਤੇ ਰਹੇ ਕਿ ਸ਼ੁਕਰਵਾਰ ਦੁਪਹਿਰ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਦੀ ਹਾਜ਼ਰੀ ਵਿੱਚ ਚੰਡੀਗੜ੍ਹ ਵਿਖੇ ਗੁਰਜੀਤ ਸਿੰਘ ਰਾਮਨਵਾਸੀਆ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ ਸੀ ਜਿਸ ਤੋਂ ਬਾਅਦ ਗੱਡੀਆਂ ਸਿੱਧੀਆਂ ਚੰਡੀਗੜ੍ਹ ਤੋਂ ਬਰਨਾਲਾ ਦੇ ਨਗਰ ਕੌਂਸਲ ਦਫਤਰ ਵਿੱਚ ਪੁੱਜੀਆਂ ਅਤੇ ਪ੍ਰਧਾਨ ਸਾਹਿਬ ਨੇ ਕਾਫੀ ਸਮੇਂ ਤੋਂ ਖਾਲੀ ਪਈ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਕੁਰਸੀ ਨੂੰ ਮੁੜ ਰੰਗ ਭਾਗ ਲਾਏ। ਇਸ ਮੌਕੇ ਜਦ ਪੱਤਰਕਾਰਾਂ ਨੇ ਪ੍ਰਧਾਨ ਗੁਰਜੀਤ ਸਿੰਘ ਨੂੰ ਸਵਾਲ ਕੀਤਾ ਕਿ “ਕੀ ਮਹਿਸੂਸ ਕਰਦੇ ਹੋ”.. ਤਾਂ ਪ੍ਰਧਾਨ ਸਾਹਿਬ ਨੇ ਜਵਾਬ ਦਿੱਤਾ ਕਿ “ਮੈਨੂੰ ਸਮਝ ਨਹੀਂ ਲੱਗਦੀ ਮੈਂ ਕੀ ਕਹਾਂ, ਮੈਨੂੰ ਤਾਂ ਅੱਜ ਬਹੁਤ ਖੁਸ਼ੀ ਹੈ, ਮੈਂ ਅੱਜ ਬਹੁਤ ਖੁਸ਼ ਹਾਂ ਮੈਨੂੰ ਨਹੀਂ ਪਤਾ ਲੱਗਦਾ ਕਿ ਮੈਂ ਕੀ ਬੋਲਾਂ”..ਇਸ ਤੋਂ ਪਹਿਲਾਂ ਕਿ ਪੱਤਰਕਾਰ ਪ੍ਰਧਾਨ ਸਾਹਿਬ ਨੂੰ ਕੋਈ ਦੂਜਾ ਸਵਾਲ ਕਰਦੇ ,ਪਰ ਪ੍ਰਧਾਨ ਸਾਹਿਬ ਦੇ ਬਿਲਕੁਲ ਨਾਲ ਲੱਗਦੀ ਕੁਰਸੀ ‘ਤੇ ਬੈਠੇ ਮੀਤ ਹੇਅਰ ਨੇ ਤੁਰੰਤ ਸਥਿਤੀ ਨੂੰ ਸੰਭਾਲਿਆ ਅਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਨਗਰ ਕੌਂਸਲ ਨੂੰ ਫੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਬਰਨਾਲਾ ਦੀ ਹਰ ਸਮੱਸਿਆ ਦਾ ਮੁਕੰਮਲ ਖਤਮ ਕਰਨਾ ਹੀ ਉਹਨਾਂ ਦਾ ਮਿਸ਼ਨ ਹੈ। ਮੀਤ ਹੇਅਰ ਨੇ ਦਾਅਵਾ ਕੀਤਾ ਕਿ ਇਹ ਪਹਿਲੀ ਵਾਰ ਹੋਇਆ ਕਿ ਨਗਰ ਕੌਂਸਲ ਦੇ ਆਪਣੇ ਫੰਡਾਂ ਤੋਂ ਇਲਾਵਾ ਬਰਨਾਲਾ ਲਈ ਵਿਸ਼ੇਸ਼ ਗਰਾਂਟ ਮਿਲੀ ਹੋਵੇ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਬਰਨਾਲਾ ਲਈ ਕਰੋਨਾ ਰੁਪਏ ਦੀਆਂ ਗਰਾਂਟਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੀਆਂ ਜਾਣੀਆਂ ਜਿਸ ਨਾਲ ਬਰਨਾਲੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਹਾਈਕੋਰਟ ਦਾ ਫੈਸਲਾ ਆਪਣੇ ਹੱਕ ਵਿੱਚ ਆਉਣ ਤੋਂ ਬਾਅਦ ਵੀ ਹਕੂਮਤ ਦਾ ਅਸ਼ੀਰਵਾਦ ਲੈ ਕੇ ਕੁਰਸੀ ‘ਤੇ ਬੈਠੇ ਗੁਰਜੀਤ ਸਿੰਘ ਰਾਮਨਵਾਸੀਆ ਦੇ ਚਿਹਰੇ ‘ਤੇ ਲੋਹੜੇ ਦੀ ਖੁਸ਼ੀ ਸਾਫ਼ ਝਲਕ ਰਹੀ ਸੀ ਪ੍ਰੰਤੂ ਪ੍ਰਧਾਨ ਸਾਹਿਬ ਦੇ ਕਮਰੇ ਵਿੱਚ ਹੀ ਮੌਜੂਦ ਕੁਝ ਆਪ ਆਗੂਆਂ ਦੇ ਚਿਹਰੇ ਤੇ ਬਨਾਉਟੀ ਖੁਸ਼ੀ ਵੀ ਵੇਖੀ ਗਈ।