ਚੰਡੀਗੜ੍ਹ,19 ਸਤੰਬਰ, Gee98 News service
-ਪੰਜਾਬ ਪੁਲਿਸ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਆਪਣੇ ਹੀ ਇੱਕ ਡੀਐਸਪੀ ਦੀ ਭਾਲ ਵਿੱਚ ਲੱਗੀ ਹੋਈ ਹੈ। ਪੁਲਿਸ ਨੂੰ ਲੋੜੀਂਦਾ ਡੀਐਸਪੀ ਵਰਿੰਦਰ ਮਹਾਜਨ ਅੱਜਕੱਲ੍ਹ 5 ਆਈਆਰਬੀ ਅੰਮ੍ਰਿਤਸਰ ਹੈਡਕੁਆਰਟਰ ਵਿਖੇ ਤਾਇਨਾਤ ਹੈ ਤੇ ਇਸਦੀ ਰਿਹਾਇਸ਼ ਵੀ ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਹੈ। ਇਸ ਤੋਂ ਪਹਿਲਾਂ ਡੀਐਸਪੀ ਵਰਿੰਦਰ ਮਹਾਜਨ ਐਸਟੀਐਫ ਅੰਮ੍ਰਿਤਸਰ ਰੇਂਜ ਵਿੱਚ ਤਾਇਨਾਤ ਸੀ। ਬੁੱਧਵਾਰ ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਟੀਮ ਨੇ ਡੀਐਸਪੀ ਦੇ ਘਰ ਰੇਡ ਕੀਤੀ ਜਿੱਥੋਂ ਜਾਂਚ ਟੀਮ ਨੇ ਨਸ਼ੀਲੇ ਪਦਾਰਥ, ਵੱਡੀ ਮਾਤਰਾ ਵਿੱਚ ਨਗਦੀ ਅਤੇ ਕੁਝ ਹੋਰ ਦਸਤਾਵੇਜ਼ ਵੀ ਆਪਣੇ ਕਬਜ਼ੇ ਵਿੱਚ ਲਏ। ਸੂਤਰਾਂ ਅਨੁਸਾਰ ਡੀਐਸਪੀ ਵਰਿੰਦਰ ਮਹਾਜਨ ਦੇ ਖਿਲਾਫ ਐਸਟੀਐਫ ਦੇ ਮੋਹਾਲੀ ਥਾਣੇ ਵਿੱਚ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ। ਡੀਐਸਪੀ ਵਰਿੰਦਰ ਮਹਾਜਨ ਨੂੰ ਆਪਣੇ ਘਰ ਪੈਣ ਵਾਲੀ ਰੇਡ ਦੀ ਪਹਿਲਾਂ ਹੀ ਜਾਣਕਾਰੀ ਮਿਲ ਚੁੱਕੀ ਸੀ ਇਸ ਲਈ ਉਹ ਆਪਣੀ ਸਰਕਾਰੀ ਗੱਡੀ ਅਤੇ ਗੰਨਮੈਨ ਛੱਡ ਕੇ ਮੰਗਲਵਾਰ ਰਾਤ ਨੂੰ ਹੀ ਰੂਪੋਸ਼ ਹੋ ਗਿਆ। ਉਸ ਦੇ ਦੋਵੇਂ ਮੋਬਾਇਲ ਫੋਨ ਨੰਬਰ ਵੀ ਬੰਦ ਆ ਰਹੇ ਹਨ। ਡੀਐਸਪੀ ਮਹਾਜਨ ਪਿਛਲੇ ਕਾਫੀ ਸਮੇਂ ਤੋਂ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ ਜਿਸ ਕਾਰਨ ਏਜੰਸੀਆਂ ਅਤੇ ਐਸਟੀਐਫ ਦੀ ਵੀ ਉਸ ‘ਤੇ ਤਿੱਖੀ ਨਜ਼ਰ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮਈ 2024 ‘ਚ ਹਿਮਾਚਲ ਪ੍ਰਦੇਸ਼ ਦੇ ਬਦਰੀ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਇੱਕ ਵਿਸ਼ਾਲ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਸ ਦੌਰਾਨ 70 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ ਇਸ ਤੋਂ ਇਲਾਵਾ ਅੰਤਰਰਾਸ਼ਟਰੀ ਸਮਗਲਰਾਂ ਦੇ ਨੈਟਵਰਕ ਦਾ ਵੀ ਪਰਦਾਫਾਸ਼ ਕੀਤਾ ਗਿਆ ਸੀ। ਇਸ ਸਾਰੇ ਮਾਮਲੇ ਵੀ ਪੜ੍ਹਤਾਲ ਦੌਰਾਨ ਬਹੁਤ ਸਾਰੀਆਂ ਬੇਨਿਯਮੀਆਂ ਸਾਹਮਣੇ ਆਈਆਂ ਸਨ ਅਤੇ ਕਰੋੜਾਂ ਰੁਪਏ ਦੇ ਲੈਣ ਦੇਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਅਤੇ ਇਸੇ ਮਾਮਲੇ ਨਾਲ ਜੋੜ ਕੇ ਡੀਐਸਪੀ ਵਰਿੰਦਰ ਮਹਾਜਨ ਦੀ ਭੂਮਿਕਾ ਦੀ ਜਾਂਚ ਚੱਲ ਰਹੀ ਸੀ। ਇਸੇ ਦੌਰਾਨ ਡੀਜੀਪੀ ਪੰਜਾਬ ਨੇ ਡੀਐਸਪੀ ਵਰਿੰਦਰ ਮਹਾਜਨ ਦਾ ਤਬਾਦਲਾ ਐਸਟੀਐਫ ਅੰਮ੍ਰਿਤਸਰ ਰੇਂਜ ਤੋਂ 5 ਆਈਆਰਬੀ ਵਿਚ ਕਰ ਦਿੱਤਾ ਅਤੇ ਫਿਰ ਉਸ ਦੀ ਗ੍ਰਿਫਤਾਰੀ ਦੇ ਹੁਕਮ ਵੀ ਜਾਰੀ ਕੀਤੇ। ਗ੍ਰਿਫ਼ਤਾਰੀ ਦੇ ਹੁਕਮਾਂ ਤੋਂ ਬਾਅਦ ਜਦ ਚੰਡੀਗੜ੍ਹ ਤੋਂ ਵਿਸ਼ੇਸ਼ ਟੀਮ ਨੇ ਅੰਮ੍ਰਿਤਸਰ ਡੀਐਸਪੀ ਦੀ ਰਿਹਾਇਸ਼ ‘ਤੇ ਰੇਡ ਕੀਤੀ ਜਿਸਦੀ ਭਿਣਕ DSP ਨੂੰ ਪਹਿਲਾਂ ਹੀ ਲੱਗ ਚੁੱਕੀ ਸੀ ਅਤੇ ਉਹ ਫਰਾਰ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਸਰ ਦੇ ਨਾਲ ਨਾਲ ਬਾਰਡਰ ਰੇਂਜ ਵਿੱਚ ਵੀ ਰੈੱਡ ਅਲਰਟ ਜਾਰੀ ਕਰ ਦਿੱਤਾ ਅਤੇ ਡੀਐਸਪੀ ਦੀ ਸਰਗਰਮੀ ਨਾਲ ਭਾਲ ਸ਼ੁਰੂ ਕੀਤੀ ਗਈ। ਆਪਣੇ ਹੀ ਡੀਐਸਪੀ ਖ਼ਿਲਾਫ਼ ਕੀਤੀ ਗਈ ਜਾ ਰਹੀ ਕਾਰਵਾਈ ਨੂੰ ਸਪੈਸ਼ਲ ਟਾਸਕ ਫੋਰਸ ਵੱਲੋਂ ਪੂਰਾ ਗੁਪਤ ਰੱਖਿਆ ਜਾ ਰਿਹਾ ਅਤੇ ਮੀਡੀਆ ਤੋਂ ਵੀ ਦੂਰੀ ਬਣਾਈ ਗਈ ਹੈ।