ਚੰਡੀਗੜ੍ਹ,7 ਸਤੰਬਰ, Gee98 news service
-ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਭਾਸ਼ਣ ਦੌਰਾਨ ‘ਸੂਬੇ ਦੇ ਖਜ਼ਾਨੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ’ ਦੇ ਦਾਅਵੇ ਅਕਸਰ ਕਰਦੇ ਹਨ ਪ੍ਰੰਤੂ ਦੂਜੇ ਪਾਸੇ ਮੁੱਖ ਮੰਤਰੀ ਦੀ ਆਮ ਆਦਮੀ ਪਾਰਟੀ ਦੇ ਆਗੂ ਹੀ ਪੰਜਾਬ ਦੀ ਵਿਗੜੀ ਹੋਈ ਵਿੱਤੀ ਹਾਲਤ ਦਾ ਸ਼ੀਸ਼ਾ ਦਿਖਾ ਰਹੇ ਹਨ। ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਪੰਜਾਬ ਦਾ ਮਾਲੀਆ ਘਾਟਾ ਅਤੇ ਸੂਬੇ ਦੀ ਵਿੱਤੀ ਸਿਹਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਹਾਲਾਂਕਿ ਮਾਲੀਏ ਵਿੱਚ ਲਗਭਗ 11% ਦਾ ਵਾਧਾ ਹੋਇਆ ਹੈ, ਖਰਚੇ ਵਿੱਚ 13% ਦਾ ਵਾਧਾ ਹੋਇਆ ਹੈ। ਐਮਪੀ ਸਾਹਨੀ ਨੇ ਕਿਹਾ ਕਿ ਪੰਜਾਬ ਵਿੱਚ ਵਿੱਤ ਦੀਆਂ ਪ੍ਰਾਪਤੀਆਂ ਅਤੇ ਖਰਚਿਆਂ ਵਿੱਚ ਲਗਾਤਾਰ ਅਸੰਤੁਲਨ ਰਾਜ ‘ਤੇ ਵਧ ਰਹੇ ਵਿੱਤੀ ਦਬਾਅ ਨੂੰ ਦਰਸਾਉਂਦਾ ਹੈ। ਡਾਕਟਰ ਸਾਹਨੀ ਨੇ ਕਿਹਾ ਕਿ ਕੇਂਦਰੀ ਪੂਲ ਲਈ ਕਣਕ ਅਤੇ ਚੌਲਾਂ ਦੀ ਖਰੀਦ ਲਈ ਸੀਸੀਐਲ ਵਿਆਜ਼ ਦਰਾਂ ਕਾਰਨ ਪੰਜਾਬ ਨੂੰ ਸਾਲਾਨਾ 650 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।ਡਾ. ਸਾਹਨੀ ਨੇ ਮੁੜ ਕੇਂਦਰ ਨੂੰ ਬੇਨਤੀ ਕੀਤੀ ਕਿ ਉਹ ਪੰਜਾਬ ਨੂੰ ਇਸ ਵਿੱਤੀ ਸੰਕਟ ਅਤੇ ਕਰਜ਼ੇ ਦੇ ਜਾਲ ਵਿਚੋਂ ਕੱਢਣ ਲਈ ਸਹਾਇਤਾ ਕਰੇ। ਪੰਜਾਬ ਦੇ ਕਰੀਬ 8500 ਕਰੋੜ ਰੁਪਏ ਦੇ ਫੰਡ ਕੇਂਦਰ ਸਰਕਾਰ ਕੋਲ ਬਕਾਇਆ ਪਏ ਹਨ, ਜਿਸ ਵਿੱਚ 5658 ਕਰੋੜ ਰੁਪਏ ਪੇਂਡੂ ਵਿਕਾਸ ਫੰਡ, 1000 ਕਰੋੜ ਰੁਪਏ ਨੈਸ਼ਨਲ ਹੈਲਥ ਮਿਸ਼ਨ ਅਤੇ 1837 ਕਰੋੜ ਰੁਪਏ ਰਾਜ ਨੂੰ ਪੂੰਜੀ ਨਿਵੇਸ਼ ਲਈ ਵਿਸ਼ੇਸ਼ ਸਹਾਇਤਾ ਸ਼ਾਮਲ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੋਰ ਕਰਜ਼ਾ ਚੁੱਕਣਾ ਕੋਈ ਸਥਾਈ ਹੱਲ ਨਹੀਂ ਹੈ ਅਤੇ ਸਹਿਕਾਰੀ ਸੰਘਵਾਦ ਦੀ ਅਸਲ ਭਾਵਨਾ ਨਾਲ ਕੇਂਦਰ ਨੂੰ ਇਸ ਔਖੇ ਸਮੇਂ ਵਿੱਚ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ। ਮੈਂਬਰ ਪਾਰਲੀਮੈਂਟ ਡਾਕਟਰ ਸਾਹਨੀ ਦੇ ਉਕਤ ਦਾਅਵਿਆਂ ਤੋਂ ਸਪੱਸ਼ਟ ਹੈ ਕਿ ਪੰਜਾਬ ਦੀ ਆਰਥਿਕ ਹਾਲਤ ਦਿਨੋ ਦਿਨ ਵਿਗੜ ਰਹੀ ਹੈ ਅਤੇ ਪੰਜਾਬ ਆਰਥਿਕ ਵੈਂਟੀਲੇਟਰ ਵੱਲ ਵਧ ਰਿਹਾ ਹੈ। ਦੂਜੇ ਪਾਸੇ ਪੰਜਾਬ ‘ਚ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਵਧਾਉਣਾ, ਬਿਜਲੀ ਦੀ ਯੂਨਿਟ ਮਹਿੰਗੀ ਕਰਨਾ ਅਤੇ ਬੱਸਾਂ ਦੇ ਕਿਰਾਏ ‘ਚ ਵਾਧਾ ਕਰਨ ਦਾ ਫੈਸਲਾ ਵੀ ਦੱਸ ਰਿਹਾ ਹੈ ਕਿ ਸਰਕਾਰ ਇਧਰੋਂ ਉਧਰੋਂ ਕਿਸੇ ਵੀ ਹਾਲਤ ਵਿੱਚ ਪੈਸਾ ਇਕੱਠਾ ਕਰਨ ‘ਤੇ ਲੱਗੀ ਹੋਈ ਹੈ ਤਾਂ ਜੋ ਕਿਸੇ ਤਰੀਕੇ ਨਾਲ ਵਿੱਤੀ ਪ੍ਰਾਪਤੀਆਂ ਅਤੇ ਖਰਚੇ ਵਿਚਲਾ ਸੰਤੁਲਨ ਠੀਕ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਕਸਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ “ਖਜ਼ਾਨਾ ਖਾਲੀ ਹੈ” ਸ਼ਬਦਾਂ ‘ਤੇ ਵਿਅੰਗ ਕਰਦੇ ਹੋਏ ਦਾਅਵਾ ਕਰਦੇ ਹਨ ਕਿ ਉਨਾਂ ਦੀ ਸਰਕਾਰ ਦਾ ਖਜ਼ਾਨਾ ਬਿਲਕੁਲ ਖਾਲੀ ਨਹੀਂ ਹੈ। ਫਿਰ ਸਵਾਲ ਉਠਦਾ ਹੈ ਕਿ ਜੇਕਰ ਭਗਵੰਤ ਮਾਨ ਦੀ ਸਰਕਾਰ ਦਾ ਖਜ਼ਾਨਾ ਭਰਿਆ ਹੋਇਆ ਹੈ ਤਾਂ ਪੈਟਰੋਲ ਡੀਜ਼ਲ ਦੇ ਰੇਟਾਂ ਵਿੱਚ ਵਾਧਾ, ਬੱਸ ਕਿਰਾਏ ਵਿੱਚ ਵਾਧਾ ਅਤੇ ਬਿਜਲੀ ਦੀ ਯੂਨਿਟ ਵਿੱਚ ਵਾਧਾ ਕਰਨ ਵਰਗੇ ਲੋਕ ਵਿਰੋਧੀ ਫੈਸਲੇ ਕਿਉਂ ਲਾਗੂ ਕੀਤੇ ਜਾ ਰਹੇ ਹਨ ਜਿਨਾਂ ਦਾ ਆਮ ਲੋਕਾਂ ਦੀ ਜੇਬਾਂ ‘ਤੇ ਸਿੱਧਾ ਅਸਰ ਪਵੇਗਾ।