ਚੰਡੀਗੜ੍ਹ,27 ਅਗਸਤ, Gee98 news service
- ਪੰਜਾਬ ‘ਚ NHAI ਪ੍ਰੋਜੈਕਟਾਂ ਲਈ ਜਮੀਨਾਂ ਨਾ ਮਿਲਣ ਦੇ ਮੁੱਦੇ ‘ਤੇ ਕੇਂਦਰੀ ਸੜਕ ਮੰਤਰੀ ਨਿਤਿਨ ਗਡਗਰੀ ਦੀਆਂ ਚੇਤਾਵਨੀਆਂ ਤੋਂ ਬਾਅਦ ਵੀ ਜਦ ਪੰਜਾਬ ਸਰਕਾਰ ਜ਼ਮੀਨਾਂ ਅਕਵਾਇਰ ਕਰਨ ਵਿੱਚ ਅਸਮਰੱਥ ਰਹੀ ਤਾਂ ਹੁਣ ਇਹ ਇਸ ਮਾਮਲੇ ਵਿੱਚ ਖੁਦ ਪ੍ਰਧਾਨ ਮੰਤਰੀ ਨੇ ਦਖਲਅੰਦਾਜੀ ਕੀਤੀ ਹੈ। ਪੰਜਾਬ ‘ਚ NHAI ਵੱਲੋਂ ਬਣਾਏ ਜਾ ਰਹੇ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਅਕੁਵਾਇਰ ਕਰਨ ਦੇ ਮਾਮਲੇ ‘ਚ ਆ ਰਹੀਆਂ ਦਿੱਕਤਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਹੰਗਾਮੀ ਮੀਟਿੰਗ ਬੁਲਾਈ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਦੇਸ਼ ਵਿੱਚ ਚੱਲ ਰਹੇ NHAI ਦੇ ਪ੍ਰੋਜੈਕਟਾਂ ਤਹਿਤ ਦਿੱਲੀ-ਅੰਮ੍ਰਿਤਸਰ-ਕਟੜਾ ਪ੍ਰੋਜੈਕਟ ਲਈ ਜ਼ਮੀਨ ਅਕੁਵਾਇਰ ਕਰਨ ਸਬੰਧੀ ਇੱਕ ਮੀਟਿੰਗ 28 ਅਗਸਤ ਨੂੰ ਸੱਦੀ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਜ਼ਮੀਨਾਂ ਅਕਵਾਇਰ ਕਰਨ ਸਬੰਧੀ ਹਰਕਤ ਵਿੱਚ ਆਈ ਹੈ। ਪੰਜਾਬ ਦੇ ਮੁੱਖ ਸਕੱਤਰ ਨੇ ਸੂਬੇ ਦੇ ਡੀਜੀਪੀ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਬੁਲਾਈ ਮੀਟਿੰਗ ਦੇ ਮੱਦੇਨਜ਼ਰ ਮਲੇਰਕੋਟਲਾ ਵਿੱਚ 1.34 ਕਿਲੋਮੀਟਰ ਅਤੇ ਜ਼ਿਲ੍ਹਾ ਕਪੂਰਥਲਾ ਵਿੱਚ 1.25 ਕਿਲੋਮੀਟਰ ਜ਼ਮੀਨ ਦੇ ਟੋਟੇ ਉੱਪਰ ਮੰਗਲਵਾਰ ਤੱਕ ਹਰ ਹਾਲਤ ਕਬਜ਼ਾ ਲੈਣ ਲਈ ਲੋੜੀਂਦੀ ਪੁਲਿਸ ਫੋਰਸ ਮੁਹੱਈਆ ਕਰਵਾਈ ਜਾਵੇ। ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇ ਪ੍ਰੋਜੈਕਟ ਸਬੰਧੀ ਪ੍ਰਧਾਨ ਮੰਤਰੀ ਵੱਲੋਂ ਕੀਤੀ ਮੀਟਿੰਗ ਤੋਂ ਪਹਿਲਾਂ ਹਰ ਹਾਲਤ ਵਿੱਚ ਜ਼ਮੀਨ ਅਕਵਾਇਰ ਕਰਕੇ NHAI ਨੂੰ ਦੇਣ ਦੇ ਹੁਕਮ ਦਿੱਤੇ ਗਏ ਹਨ। ਦੂਜੇ ਪਾਸੇ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਮਲੇਰਕੋਟਲਾ ਦੇ ਪਿੰਡ ਸਰੌਦ ਨੇੜੇ ਅਕਵਾਇਰ ਕੀਤੀ ਜ਼ਮੀਨ ਦਾ ਕਬਜ਼ਾ ਬੀਕੇਯੂ (ਉਗਰਾਹਾਂ) ਦੀ ਵਿਰੋਧ ਦੇ ਬਾਵਜੂਦ ਵੀ ਸਿਵਲ ਪ੍ਰਸ਼ਾਸਨ ਨੇ ਪੁਲਿਸ ਦੀ ਮਦਦ ਨਾਲ ਲੈ ਲਿਆ ਹੈ। ਦੱਸ ਦੇਈਏ ਕਿ ਪਿਛਲੇ ਦੋ ਕੁ ਮਹੀਨਿਆਂ ਤੋਂ ਕੇਂਦਰ ਨੇ ਪੰਜਾਬ ‘ਚ ਇਹਨਾਂ ਪ੍ਰੋਜੈਕਟਾਂ ਲਈ ਜ਼ਮੀਨ ਅਕਵਾਇਰ ਨਾ ਕਰਨ ਸਬੰਧੀ ਪੰਜਾਬ ਸਰਕਾਰ ਨੂੰ ਸਖ਼ਤ ਪੱਤਰ ਲਿਖੇ ਸਨ ਅਤੇ ਕੁਝ ਪ੍ਰੋਜੈਕਟ ਰੱਦ ਕਰਨ ਦੀ ਚੇਤਾਵਨੀ ਵੀ ਦਿੱਤੀ ਸੀ। ਇਸ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਜ਼ਮੀਨਾਂ ਅਕਵਾਇਰ ਕਰਨ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕੇ ਪ੍ਰੰਤੂ ਹੁਣ ਜਦੋਂ 28 ਅਗਸਤ ਨੂੰ ਉਕਤ ਮਾਮਲੇ ‘ਚ ਪ੍ਰਧਾਨ ਮੰਤਰੀ ਨੇ ਮੀਟਿੰਗ ਬੁਲਾ ਲਈ ਤਾਂ ਪੰਜਾਬ ਸਰਕਾਰ ਤੁਰੰਤ ਹਰਕਤ ਵਿੱਚ ਆਈ ਅਤੇ ਜਿੱਥੇ-ਜਿੱਥੇ ਜ਼ਮੀਨਾਂ ਅਕੁਵਾਇਰ ਨਹੀਂ ਹੋਈਆਂ ਉਥੋਂ ਦੇ ਸਿਵਿਲ ਪ੍ਰਸ਼ਾਸਨ ਨੂੰ ਮੰਗਲਵਾਰ ਤੱਕ ਹਰ ਹਾਲਤ ਵਿੱਚ ਜ਼ਮੀਨ ਅਕੁਵਾਇਰ ਕਰ ਲਈ ਹੁਕਮ ਦਿੱਤੇ ਗਏ ਹਨ ਅਤੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਮੁਖੀ ਨੂੰ ਲੋੜੀਦੀ ਪੁਲਿਸ ਫੋਰਸ ਮੁਹੱਈਆ ਕਰਵਾਉਣ ਦੇ ਹੁਕਮ ਵੀ ਦਿੱਤੇ ਗਏ ਹਨ।