ਚੰਡੀਗੜ੍ਹ, 21 ਅਗਸਤ, Gee98 news service
-ਕਿਸੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਨੂੰ ਜਦੋਂ ਲਾਠੀਚਾਰਜ ਦਾ ਹੁਕਮ ਹੋ ਜਾਵੇ ਤਾਂ ਫਿਰ ਪੁਲਿਸ ਵਾਲੇ ਇਹ ਨਹੀਂ ਵੇਖਦੇ ਕਿ ਡਾਂਗ ਕਿੱਥੇ ਵੱਜਦੀ ਹੈ ਅਤੇ ਕੀਹਦੇ ਵੱਜਦੀ ਹੈ। ਸੁਪਰੀਮ ਕੋਰਟ ਵੱਲੋਂ ਰਿਜਰਵੇਸ਼ਨ ਵਿੱਚ ਕਰੀਮੀ ਲੇਅਰ ਸਬੰਧੀ ਦਿੱਤੇ ਫੈਸਲੇ ਤੋਂ ਬਾਅਦ 21 ਅਗਸਤ ਨੂੰ ਭਾਰਤ ਬੰਦ ਦੇ ਸੱਦੇ ਦੌਰਾਨ ਪਟਨਾ ਵਿੱਚ ਇਸ ਫੈਸਲੇ ਦੇ ਵਿਰੋਧ ‘ਚ ਕੁਝ ਜਥੇਬੰਦੀਆਂ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ। ਪ੍ਰਦਰਸ਼ਨਕਾਰੀਆਂ ਨੇ ਸੜਕ ਰੋਕੀ ਹੋਈ ਸੀ ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈ ਰਿਹਾ ਸੀ, ਅਚਾਨਕ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇੱਕ ਪੁਲਿਸ ਵਾਲੇ ਨੇ ਪ੍ਰਸ਼ਾਸਨ ਵੱਲੋਂ ਹਾਜ਼ਰ SDM ਸਾਬ੍ਹ ਦੇ ਹੀ ਡਾਂਗ ਜੜ੍ਹ ਦਿੱਤੀ। ਇਸ ਸਬੰਧੀ ਇੱਕ ਵੀਡੀਓ ਕਲਿੱਪ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਜਦ ਪੁਲਿਸ ਵਾਲੇ ਨੇ SDM ਦੇ ਡਾਂਗ ਮਾਰੀ ਤਾਂ ਸਾਹਮਣੇ ਤੋਂ SDM ਨੇ ਕਿਹਾ “ਇਹ ਤੂੰ ਕੀ ਕਰ ਰਿਹਾ, ਤੈਨੂੰ ਦਿਸਦਾ ਨਹੀਂ ਮੈਂ ਐਸਡੀਐਮ ਹਾਂ”। ਇਸ ਤੋਂ ਬਾਅਦ ਡਾਂਗ ਮਾਰਨ ਵਾਲੇ ਪੁਲਸੀਏ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਇਧਰ-ਉਧਰ ਹੋ ਗਿਆ ਅਤੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਲਾਠੀਚਾਰਜ ਕਰਕੇ ਖਦੇੜ ਦਿੱਤਾ।