ਚੰਡੀਗੜ੍ਹ, 21 ਅਗਸਤ, Gee98 news service
-ਭਾਜਪਾ ਦੀ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਦਾ ਵਿਵਾਦਾਂ ਨਾਲ ਗੂੜਾ ਰਿਸ਼ਤਾ ਹੈ, ਹੁਣ ਉਹ ਆਪਣੀ ਇੱਕ ਨਵੀਂ ਫਿਲਮ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਹੈ। ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਕਰਕੇ ਚਾਰੇ ਪਾਸੇ ਤੋਂ ਆਲੋਚਨਾ ਹੋ ਰਹੀ ਹੈ। ਇਥੋਂ ਤੱਕ ਹੈ ਕਿ ਪੰਜਾਬ ਭਾਜਪਾ ਦੇ ਆਗੂਆਂ ਨੇ ਵੀ ਕੰਗਨਾ ਰਣੌਤ ਦੀ ਨਵੀਂ ਫਿਲਮ ਐਮਰਜੈਂਸੀ ਵਿੱਚ ਸਿੱਖਾਂ ਦੇ ਕਿਰਦਾਰ ਸਬੰਧੀ ਕੀਤੀਆਂ ਟਿੱਪਣੀਆਂ ਅਤੇ ਗਲਤ ਪੇਸ਼ਕਾਰੀ ਦੀ ਨਿੰਦਾ ਕੀਤੀ ਹੈ। ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਲੋਕਤੰਤਰੀ ਦੇਸ਼ ਹੈ, ਜੇ ਇੱਥੇ ਕਿਸੇ ਧਰਮ ਬਾਰੇ ਕੋਈ ਗੱਲ ਕਰਨੀ ਹੋਵੇ ਤਾਂ ਪਹਿਲਾਂ ਉਸ ਦੀ ਮਨਜ਼ੂਰੀ ਲੈਣੀ ਚਾਹੀਦੀ ਹੈ। ਫਿਲਮ ਬਣਾਉਣ ਵਾਲਿਆਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਸੀ। ਹਰਜੀਤ ਗਰੇਵਾਲ ਨੇ ਕਿਹਾ ਕਿ ਉਹ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਸੋਚ ਨਾਲ ਸਹਿਮਤ ਨਹੀਂ ਹੈ ਪਰ ਕਿਸੇ ਦਾ ਵੀ ਨਿਰਾਦਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਤੋਂ ਪਹਿਲਾਂ ਫਿਲਮ ਬਣਾਉਣ ਵਾਲਿਆਂ ਨੂੰ ਸਿੱਖ ਸੰਸਥਾ ਨਾਲ ਗੱਲ ਕਰਨੀ ਚਾਹੀਦੀ ਸੀ ਤਾਂ ਕਿ ਕੋਈ ਅਜਿਹੇ ਮਸਲੇ ਪੈਦਾ ਨਾ ਹੋਣ। ਭਾਜਪਾ ਲੀਡਰ ਨੇ ਕਿਹਾ ਕਿ ਫਿਲਮ ਬਣਾਉਣ ਵਾਲਿਆਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਸੰਵੇਦਨਸ਼ੀਲ ਮੁੱਦੇ ਬਾਰੇ ਪਹਿਲਾਂ ਗੱਲ ਕਰ ਲੈਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਲੋਕਤੰਤਰ ‘ਚ ਪਿਆਰ ਨਾਲ ਹੀ ਕੰਮ ਚੱਲਦਾ, ਜਿਹੜਾ ਕੜਵਾਹਟ ਵਧਾਉਂਦਾ ਉਹ ਲੋਕਤੰਤਰ ਨੂੰ ਕਮਜ਼ੋਰ ਕਰਦਾ।