ਬਰਨਾਲਾ,15 ਅਗਸਤ, (ਨਿਰਮਲ ਸਿੰਘ ਪੰਡੋਰੀ)-
-ਸੁਤੰਤਰਤਾ ਦਿਵਸ ਮੌਕੇ ਮਹਿਲ ਕਲਾਂ ਵਿਖੇ ਸਬ ਡਿਵੀਜ਼ਨਲ ਪੱਧਰ ਦੇ ਸਮਾਗਮ ਵਿੱਚ ਸਨਮਾਨਿਤ ਸ਼ਖਸੀਅਤਾਂ ਦੀ ਸੂਚੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੁਤੰਤਰਤਾ ਦਿਵਸ ਸਬੰਧੀ ਮਹਿਲ ਕਲਾਂ ਸਬ ਡਿਵੀਜ਼ਨ ਪੱਧਰ ਦਾ ਸਮਾਗਮ ਦਾਣਾ ਮੰਡੀ ਮਹਿਲ ਵਿਖੇ ਮਹਿਲ ਕਲਾਂ ਵਿਖੇ ਕਰਵਾਇਆ ਗਿਆ ਸੀ। ਦੱਸ ਦੇਈਏ ਕਿ ਇਸ ਸਮਾਗਮ ਦੌਰਾਨ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸ਼ਖ਼ਸੀਅਤਾਂ ਦੀ ਸੂਚੀ ‘ਤੇ ਸਮਾਗਮ ਦੀ ਸਮਾਪਤੀ ਤੋਂ ਤੁਰੰਤ ਬਾਅਦ ਪੰਡਾਲ ਤੋਂ ਬਾਹਰ ਘੁਸਰ-ਮੁਸਰ ਹੁੰਦੀ ਦੇਖੀ ਗਈ। ਇੱਕ ਸਰਕਾਰੀ ਵਿਭਾਗ ਦੇ ਕਰਮਚਾਰੀ ਨੂੰ ਸਨਮਾਨਿਤ ਕੀਤਾ ਗਿਆ ਤਾਂ ਉਸੇ ਵਿਭਾਗ ਦੇ ਕੁਝ ਕਰਮਚਾਰੀ ਇਸ ‘ਤੇ ਇਤਰਾਜ਼ ਕਰਦੇ ਵੇਖੇ ਗਏ। ਸਭ ਤੋਂ ਵੱਡੀ ਹੈਰਾਨੀ ਅਤੇ ਚਰਚਾ ਦੀ ਗੱਲ ਰਹੀ ਕਿ ਮਹਿਲ ਕਲਾਂ ਸੁਤੰਤਰਤਾ ਦਿਵਸ ਸਮਾਗਮ ਵਿੱਚ ਰਾਸ਼ਟਰੀ ਝੰਡਾ ਅਤੇ ਮੁੱਖ ਮਹਿਮਾਨ ਜੀ ਨੂੰ ਸਲਾਮੀ ਦੇਣ ਵਾਲੇ ਪਰੇਡ ਕਮਾਂਡਰ ਨੂੰ ਹੀ ਸਨਮਾਨਿਤ ਨਹੀਂ ਕੀਤਾ ਗਿਆ। ਮੌਕੇ ‘ਤੇ ਹਾਜ਼ਰ ਇੱਕ ਪੁਲਿਸ ਕਰਮਚਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਟਿੱਪਣੀ ਕੀਤੀ ਕਿ ਇਹ ਪਰੇਡ ਦੀ ਰਸਮ ਦੀ ਤੌਹੀਨ ਹੈ ਕਿਉਂਕਿ ਸੁਤੰਤਰਤਾ ਦਿਵਸ ਅਤੇ ਗਣਤੰਤਰਤਾ ਦਿਵਸ ਵਿੱਚ ਜ਼ਿਲ੍ਹਾ,ਸਬ ਡਿਵੀਜ਼ਨ ਪੱਧਰੀ ਸਮਾਗਮਾਂ ‘ਚ ਪਰੇਡ ਕਮਾਂਡਰ ਦਾ ਸਨਮਾਨ ਤਾਂ ਕੀਤਾ ਹੀ ਜਾਂਦਾ ਹੈ। ਇੱਕ ਹੋਰ ਸਰਕਾਰੀ ਵਿਭਾਗ ਨੇ ਆਪਣੇ ਦੋ ਕਰਮਚਾਰੀਆਂ ਦਾ ਨਾਮ ਨਿਯਮਾਂ ਅਨੁਸਾਰ ਪ੍ਰਸ਼ਾਸਨ ਨੂੰ ਦਿੱਤਾ ਸੀ ਪਰੰਤੂ ਦੋਵਾਂ ਵਿੱਚੋਂ ਇੱਕ ਦੀ ਵੀ ਚੋਣ ਨਹੀਂ ਕੀਤੀ ਗਈ ਜਦ ਕਿ ਦੋਵੇਂ ਕਰਮਚਾਰੀਆਂ ਦਾ ਕੰਮ ਸਲਾਘਾਯੋਗ ਰਿਹਾ ਹੈ। ਇਸ ਗੱਲ ਦੀ ਵੀ ਚਰਚਾ ਹੋ ਰਹੀ ਹੈ ਕਿ ਸਬ ਡਿਵੀਜ਼ਨ ਦੇ ਪਿੰਡਾਂ ਵਿੱਚ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰ ਰਹਿੰਦੇ ਹਨ ਪ੍ਰੰਤੂ ਇਸ ਸਮਾਗਮ ਵਿੱਚ ਸਾਰੇ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰ ਵੀ ਹਾਜ਼ਰ ਨਹੀਂ ਸਨ, ਇਸ ਸਬੰਧੀ ਘੁਸਰ ਮੁਸਰ ਹੋ ਰਹੀ ਸੀ ਕਿ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਨੂੰ ਠੀਕ ਤਰੀਕੇ ਨਾਲ ਸੁਨੇਹੇ ਹੀ ਨਹੀਂ ਲਗਾਏ ਜਾਂਦੇ। ਮਹਿਲ ਕਲਾਂ ਦੇ ਸਬ ਡਿਵੀਜ਼ਨਲ ਪੱਧਰ ਦੇ ਸੁਤੰਤਰਤਾ ਦਿਵਸ ਨਾਲ ਜੁੜਿਆ ਇੱਕ ਪੱਖ ਇਹ ਵੀ ਸਾਹਮਣੇ ਆਇਆ ਕਿ ਸਬ ਡਿਵੀਜ਼ਨ ਦੇ ਪਿੰਡਾਂ ‘ਚ ਨੈਸ਼ਨਲ ਅਤੇ ਸਟੇਟ ਪੱਧਰ ‘ਤੇ ਖੇਡਾਂ ਤੇ ਪੜ੍ਹਾਈ ਦੇ ਖੇਤਰ ‘ਚ ਮਾਅਰਕਾ ਮਾਰਨ ਵਾਲੇ ਕਈ ਬੱਚੇ ਹਨ ਜਿਨਾਂ ਦੀ ਹੌਸਲਾ ਅਫਜ਼ਾਈ ਲਈ ਅਜਿਹੇ ਸਮਾਗਮਾਂ ਵਿੱਚ ਸਨਮਾਨ ਕੀਤਾ ਜਾਣਾ ਬਣਦਾ ਹੈ ਪ੍ਰੰਤੂ ਇਹਨਾਂ ਬੱਚਿਆਂ ਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ। ਇਸ ਸਬੰਧੀ ਸਮਾਗਮ ਦੀ ਸਮਾਪਤੀ ਤੋਂ ਬਾਅਦ ਪੰਡਾਲ ਤੋਂ ਬਾਹਰ ਜਦ ਤਹਿਸੀਲਦਾਰ ਮਹਿਲ ਕਲਾਂ ਸ੍ਰੀ ਰਜੇਸ਼ ਕੁਮਾਰ ਨਾਲ ਪੱਤਰਕਾਰਾਂ ਨੇ ਗੱਲ ਕੀਤੀ ਤਾਂ ਉਹਨਾਂ ਮੰਨਿਆ ਕਿ ਪਰੇਡ ਕਮਾਂਡਰ ਦਾ ਸਨਮਾਨ ਨਾ ਕੀਤੇ ਜਾਣਾ ਸਾਡੀ ਗਲਤੀ ਹੈ। ਸਨਮਾਨਿਤ ਸ਼ਖਸ਼ੀਅਤਾਂ ਦੀ ਸੂਚੀ ਤਿਆਰ ਕਰਨ ਸਬੰਧੀ ਜਦ ਤਹਿਸੀਲਦਾਰ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਉਹਨਾਂ ਕਿਹਾ ਕਿ ਇਹ ਐਸਡੀਐਮ ਸਾਹਿਬ ਕਰਦੇ ਹਨ ਭਾਵ ਕਿ ਹੋਈ ਕੁਤਾਹੀ ਦਾ ਜ਼ਿੰਮਾ ਤਹਿਸੀਲਦਾਰ ਨੇ ਸਭ ਦੇ ਸਾਹਮਣੇ ਐਸਡੀਐਮ ਦੇ ਸਿਰ ਮੜ ਦਿੱਤਾ। ਇਹ ਪਹਿਲੀ ਵਾਰ ਨਹੀਂ ਸਗੋਂ ਗਣਤੰਤਰਤਾ ਦਿਵਸ ਮੌਕੇ ਵੀ ਮਹਿਲ ਕਲਾਂ ਵਿਖੇ ਹੋਏ ਸਮਾਗਮ ਦੌਰਾਨ ਸਨਮਾਨਤ ਸ਼ਖਸੀਅਤਾਂ ਦੀ ਸੂਚੀ ਚਰਚਾ ਦਾ ਵਿਸ਼ਾ ਬਣੀ ਸੀ ਪ੍ਰੰਤੂ ਪ੍ਰਸ਼ਾਸਨ ਨੇ ਫਿਰ ਵੀ ਸਬਕ ਨਹੀਂ ਸਿੱਖਿਆ। ਮਹਿਲ ਕਲਾਂ ਦੇ ਸਬ ਡਿਵੀਜ਼ਨਲ ਪੱਧਰੀ ਸਤੰਤਰਤਾ ਦਿਵਸ ਦੇ ਸਮਾਗਮ ਵਿੱਚ ਸਮਾਗਮ ਦੀ ਮਹੱਤਤਾ ਦੇ ਬਰਾਬਰ ਅਨੁਸ਼ਾਸਨ ਦੀ ਘਾਟ ਵੀ ਦੇਖੀ ਗਈ। ਆਖ਼ਰ ! ਇਸ ਮਹੱਤਵਪੂਰਨ ਸਮਾਗਮ ਵਿੱਚ ਹੋਈਆਂ ਇਹਨਾਂ ਕੁਤਾਹੀਆਂ ਲਈ ਜ਼ਿੰਮੇਵਾਰ ਕੌਣ ਹੈ ਕਿਉਂਕਿ ਗਣਤੰਤਰਤਾ ਦਿਵਸ ਅਤੇ ਸੁਤੰਤਰਤਾ ਦਿਵਸ ਨਾਲ ਸੰਬੰਧਿਤ ਸਮਾਗਮ ਕੋਈ ਅਚਾਨਕ ਉਲੀਕੇ ਸਮਾਗਮ ਨਹੀਂ ਹੁੰਦੇ ਸਗੋਂ ਇਹਨਾਂ ਲਈ ਬਕਾਇਦਾ ਕਈ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ ਅਤੇ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ।