ਬਰਨਾਲਾ, 3 ਅਗਸਤ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਤੋਂ ਮੁੱਲਾਂਪੁਰ ਤੱਕ ਸਟੇਟ ਹਾਈਵੇ ‘ਤੇ ਮਹਿਲ ਕਲਾਂ ਅਤੇ ਸੁਧਾਰ ਵਿਖੇ ਚੱਲ ਰਹੇ ਟੋਲ ਪਲਾਜ਼ਾ ਉੰਝ ਤਾਂ ਭਾਵੇਂ ਬੰਦ ਹੋ ਚੁੱਕੇ ਹਨ ਪਰੰਤੂ ਬਰਨਾਲਾ ਤੋਂ ਲੁਧਿਆਣਾ ਤੱਕ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿੱਚ ਸਫਰ ਕਰਨ ਵਾਲੀਆਂ ਸਵਾਰੀਆਂ ਨੂੰ ਅਜੇ ਵੀ ਟੋਲ ਟੈਕਸ ਦੇਣਾ ਪੈ ਰਿਹਾ ਹੈ। ਸਵਾਲ ਇਹ ਵੀ ਹਨ ਕਿ ਟੋਲ ਬੰਦ ਹੋਣ ਮੌਕੇ ਲੱਡੂ ਵੰਡਣ ਵਾਲਿਆਂ ਨੂੰ ਇਸ ਗੱਲ ਦੀ ਬਿਲਕੁਲ ਵੀ ਚਿੰਤਾ ਨਹੀਂ ਕਿ ਸਰਕਾਰੀ ਤੇ ਪ੍ਰਾਈਵੇਟ ਬੱਸਾਂ ‘ਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੀਆਂ ਜੇਬਾਂ ‘ਤੇ ਦਿਨ ਦਿਹਾੜੇ ਸ਼ਰੇਆਮ ਡਾਕਾ ਮਾਰਿਆ ਜਾ ਰਿਹਾ ਹੈ ਅਤੇ ਕੰਡਕਟਰਾਂ ਵੱਲੋਂ ਚੁੱਪ ਚਪੀਤੇ ਸਵਾਰੀਆਂ ਦੀਆਂ ਜੇਬਾਂ ‘ਚੋਂ ਰੋਜ਼ਾਨਾ ਹਜ਼ਾਰਾਂ ਰੁਪਏ ਕੱਢ ਲਏ ਜਾਂਦੇ ਹਨ। ਜ਼ਿਕਰਯੋਗ ਹੈ ਕਿ ਬਰਨਾਲਾ ਤੋਂ ਮੁੱਲਾਂਪੁਰ ਤੱਕ ਸਟੇਟ ਹਾਈਵੇ ਦੇ ਨਿਰਮਾਣ ਮੌਕੇ ਪ੍ਰਾਈਵੇਟ ਕੰਪਨੀ ਵੱਲੋਂ ਮਹਿਲ ਕਲਾਂ ਤੇ ਸੁਧਾਰ ਵਿਖੇ ਦੋ ਟੋਲ ਪਲਾਜ਼ਾ ਲਗਾਏ ਗਏ ਸਨ। ਜਿੱਥੋਂ ਲੰਘਣ ਵਾਲੇ ਪ੍ਰਾਈਵੇਟ ਵਾਹਨਾਂ ਉੱਪਰ ਟੋਲ ਟੈਕਸ ਲਗਾਉਣ ਦੇ ਨਾਲ ਸਰਕਾਰੀ ਤੇ ਪ੍ਰਾਈਵੇਟ ਬੱਸਾਂ ‘ਚ ਸਫਰ ਕਰਨ ਵਾਲੀਆਂ ਸਵਾਰੀਆਂ ‘ਤੇ ਵੀ ਟੋਲ ਟੈਕਸ ਲਗਾਇਆ ਗਿਆ ਸੀ। ਆਮ ਲੋਕ ਸੋਚਦੇ ਹੋਣਗੇ ਕਿ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਆਪਣੇ ਕੋਲੋਂ ਟੋਲ ਟੈਕਸ ਅਦਾ ਕਰਦੀਆਂ ਸਨ ਪਰੰਤੂ ਤਸਵੀਰ ਦਾ ਦੂਜਾ ਪਾਸਾ ਇਹ ਹੈ ਕਿ ਬੱਸਾਂ ਵੱਲੋਂ ਦਿੱਤੇ ਜਾਣ ਵਾਲੇ ਟੋਲ ਟੈਕਸ ਦਾ ਪੈਸਾ ਸਵਾਰੀਆਂ ਦੀਆਂ ਜੇਬਾਂ ਵਿੱਚੋਂ ਹੀ ਕੱਢਿਆ ਜਾ ਰਿਹਾ ਸੀ ਜੋ ਅਜੇ ਤੱਕ ਵੀ ਜਾਰੀ ਹੈ, ਹਾਲਾਂਕਿ ਇਹ ਦੋਵੇਂ ਟੋਲ ਪਲਾਜੇ ਬੰਦ ਹੋ ਚੁੱਕੇ ਹਨ। ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਤੇ ਪ੍ਰਾਈਵੇਟ ਬੱਸ ਮਾਲਕਾਂ ਨੂੰ ਮੋਟਾ ਵਿੱਤੀ ਫਾਇਦਾ ਦਿੰਦੇ ਹੋਏ ਪ੍ਰਤੀ ਕਿਲੋਮੀਟਰ ਸਵਾਰੀਆਂ ਤੇ ਟੋਲ ਟੈਕਸ ਲਗਾਇਆ ਗਿਆ ਸੀ।

ਸਰਕਾਰ ਦੇ ਸੰਬੰਧਤ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਬਰਨਾਲਾ ਤੋਂ ਲੁਧਿਆਣਾ ਤੱਕ ਸਫਰ ਕਰਨ ਵਾਲੀਆਂ ਸਵਾਰੀਆਂ ‘ਤੇ ਪ੍ਰਤੀ ਸਵਾਰੀ 12 ਕਿਲੋਮੀਟਰ ਤੱਕ 1 ਰੁਪਏ, 25 ਕਿਲੋਮੀਟਰ ਤੱਕ 2 ਰੁਪਏ, 37 ਕਿਲੋਮੀਟਰ ਤੱਕ 3 ਰੁਪਏ, 49 ਕਿਲੋਮੀਟਰ ਤੱਕ 4 ਰੁਪਏ, 61 ਕਿਲੋਮੀਟਰ ਤੱਕ 5 ਰੁਪਏ, 73 ਕਿਲੋ ਮੀਟਰ ਤੱਕ 6 ਰੁਪਏ, 85 ਕਿਲੋਮੀਟਰ ਤੱਕ 7 ਰੁਪਏ ਅਤੇ 85 ਕਿਲੋਮੀਟਰ ਤੋਂ ਉੱਪਰ 8 ਰੁਪਏ ਟੋਲ ਟੈਕਸ ਦੇ ਵਸੂਲ ਕੀਤੇ ਜਾਂਦੇ ਸਨ, ਇਹ ਟਿਕਟ ਦੇ ਕਿਰਾਏ ਤੋਂ ਵੱਖਰੇ ਸਨ। ਹੁਣ ਜਦੋਂ ਕਿ ਦੋਵੇਂ ਟੋਲ ਪਲਾਜ਼ਾ ਬੰਦ ਹੋ ਚੁੱਕੇ ਹਨ ਤਾਂ ਟਿਕਟ ਦੇ ਕਿਰਾਏ ਤੋਂ ਵੱਖਰੇ ਵਸੂਲ ਕੀਤੇ ਜਾ ਰਹੇ ਟੋਲ ਟੈਕਸ ਦੇ ਇਹ ਪੈਸੇ ਬੰਦ ਹੋਣੇ ਚਾਹੀਦੇ ਹਨ, ਜਿਹੜੇ ਕਿ ਨਹੀਂ ਹੋਏ। ਇਸ ਤੋਂ ਵੱਡੀ ਧੱਕੇਸ਼ਾਹੀ ਹੋਰ ਕੀ ਹੋ ਸਕਦੀ ਹੈ ਕਿ ਸਰਕਾਰ ਅਤੇ ਪ੍ਰਾਈਵੇਟ ਟਰਾਂਸਪੋਰਟਰ ਰਲ ਕੇ ਚੰਬਲ ਦੇ ਡਾਕੂਆਂ ਵਾਂਗ ਦਿਨ ਦਿਹਾੜੇ ਸਵਾਰੀਆਂ ਦੀਆਂ ਜੇਬਾਂ ‘ਤੇ ਡਾਕਾਂ ਮਾਰ ਰਹੇ ਹਨ। ਇਸ ਸਬੰਧੀ ਜਦ ਪੀਆਰਪੀਸੀ ਡੀਪੂ ਬਰਨਾਲਾ ਦੇ ਜਨਰਲ ਮੈਨੇਜਰ ਪ੍ਰਵੀਨ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਸਾਡੇ ਵੱਲੋਂ ਦੋਵੇਂ ਟੋਲ ਪਲਾਜ਼ਾ ‘ਤੇ ਵਸੂਲ ਕੀਤੇ ਜਾ ਰਹੇ ਟੋਲ ਟੈਕਸ ਦੇ ਪੈਸੇ ਕਿਰਾਏ ਵਿੱਚੋਂ ਕੱਟਣ ਸਬੰਧੀ ਫਾਈਲ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫਾਈਲ ਸੈਕਟਰੀ ਆਰਟੀਏ ਬਠਿੰਡਾ ਦੇ ਟੇਬਲ ‘ਤੇ ਏਸੀ ਦੀ ਹਵਾ ਦੇ ਬੁੱਲਿਆਂ ਦਾ ਨਜ਼ਾਰਾ ਲੈ ਰਹੀ ਹੈ। ਇਸ ਸਬੰਧੀ ਸੈਕਟਰੀ ਆਰਟੀਏ ਬਠਿੰਡਾ ਦਾ ਪੱਖ ਜਾਣਨ ਲਈ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਸੰਪਰਕ ਨਹੀਂ ਹੋ ਸਕਿਆ। ਪੰਜਾਬ ‘ਚ ਟੋਲ ਪਲਾਜੇ ਬੰਦ ਕਰਨ ਸਬੰਧੀ ਨਿੱਜੀ ਦਿਲਚਸਪੀ ਲੈਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਆਮ ਲੋਕਾਂ ਦੀ ਮੰਗ ਹੈ ਕਿ ਬਰਨਾਲਾ ਤੋਂ ਮੁੱਲਾਂਪੁਰ ਤੱਕ ਦੋਵੇਂ ਟੋਲ ਪਲਾਜ਼ਾ ਬੰਦ ਹੋਣ ਦੇ ਬਾਵਜੂਦ ਵੀ ਬੱਸਾਂ ਦੀਆਂ ਸਵਾਰੀਆਂ ਤੋਂ ਵਸੂਲ ਕੀਤਾ ਜਾ ਰਿਹਾ ਟੋਲ ਟੈਕਸ ਤੁਰੰਤ ਬੰਦ ਹੋਣਾ ਚਾਹੀਦਾ ਹੈ।
ਫੋਟੋ ਕੈਪਸ਼ਨ-ਮਹਿਲ ਕਲਾਂ ਵਿਖੇ ਬੰਦ ਪਏ ਟੋਲ ਪਲਾਜ਼ਾ ਦੀਆਂ ਤਸਵੀਰਾਂ