ਚੰਡੀਗੜ੍ਹ,28 ਜੁਲਾਈ, Gee98 news service
-ਪੰਜਾਬ ਪੁਲਿਸ ਨੇ ਧੋਖਾਧੜੀ ਦੇ ਮਾਮਲੇ ਵਿੱਚ ਚੰਡੀਗੜ੍ਹ ਦੀ ਸੁੰਦਰੀ (ਮਿਸਿਜ਼ ਚੰਡੀਗੜ੍ਹ ਰਹੀ) ਨੂੰ ਬੇਟੇ ਸਮੇਤ ਗ੍ਰਿਫਤਾਰ ਕੀਤਾ ਹੈ। ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੀ ਮਿਸਿਜ਼ ਚੰਡੀਗੜ੍ਹ ਅਪਰਣਾ ਸਗੋਤਰਾ ਦਾ ਪਤੀ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ। ਪੁਲਿਸ ਨੇ ਉਸਦੇ ਕੋਲੋਂ 500 ਗ੍ਰਾਮ ਸੋਨੇ ਦੇ ਬਿਸਕੁਟ, 7 ਲੱਖ ਦੀ ਨਗਦੀ ਅਤੇ ਇੱਕ ਕੀਮਤੀ ਕਾਰ ਵੀ ਬਰਾਮਦ ਕੀਤੀ ਹੈ। ਮੋਹਾਲੀ ਦੇ ਫੇਸ 11 ਦੀ ਪੁਲਿਸ ਦੇ ਦੱਸਣ ਅਨੁਸਾਰ ਮਿਸਿਜ਼ ਚੰਡੀਗੜ੍ਹ ਦੇ ਖ਼ਿਲਾਫ਼ ਧੋਖਾਧੜੀ ਦੇ 25 ਕੇਸ ਦਰਜ ਹਨ ਅਤੇ ਉਸਨੇ ਲੋਕਾਂ ਨਾਲ 3 ਕਰੋੜ ਦੀ ਠੱਗੀ ਮਾਰੀ ਹੈ। ਐਸਐਚਓ ਗਗਨਦੀਪ ਸਿੰਘ ਨੇ ਦੱਸਿਆ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ ਠੱਗੀ ਦੇ ਕੇਸਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ। ਅਪਰਣਾ ਸਗੋਤਰਾ ਪੇਸ਼ੇ ਵਜੋਂ ਵਕੀਲ ਹੈ ਤੇ ਉਸਨੇ 40 ਸਾਲ ਤੋਂ ਵੱਧ ਉਮਰ ਵਰਗ ਵਿੱਚ 2019 ਵਿੱਚ ਮਿਸਿਜ਼ ਚੰਡੀਗੜ੍ਹ ਦਾ ਖਿਤਾਬ ਜਿੱਤਿਆ ਸੀ। ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮਹਿੰਗੀਆਂ ਗੱਡੀਆਂ ਨਾਲ ਆਪਣੀਆਂ ਤਸਵੀਰਾਂ ਅਪਲੋਡ ਕਰਦੀ ਸੀ ਤਾਂ ਜੋ ਲੋਕਾਂ ਨੂੰ ਲੱਗੇ ਕਿ ਕਰੋੜਾਂ ਦੀ ਗੱਡੀਆਂ ਵੀ ਮਾਲਕ ਉਹਨਾਂ ਨਾਲ ਲੱਖਾਂ ਦੀ ਠੱਗੀ ਨਹੀਂ ਮਾਰ ਸਕਦੀ। ਇਸ ਤਰ੍ਹਾਂ ਸਾਬਕਾ ਮਿਸਿਜ਼ ਚੰਡੀਗੜ੍ਹ ਠੱਗੀ ਦੇ ਧੰਦੇ ਵਿੱਚ ਆਪਣੇ ਹੁਸਨ ਦਾ ਜਾਦੂ ਵੀ ਚਲਾਉਂਦੀ ਸੀ। ਧੋਖਾਧੜੀ ਦੇ ਇਸ ਗੋਰਖ ਧੰਦੇ ਵਿੱਚ ਮਿਸਿਜ਼ ਚੰਡੀਗੜ੍ਹ ਨੇ ਆਪਣੇ ਪਤੀ ਨਾਲ ਮਿਲ ਕੇ ਇਮੀਗਰੇਸ਼ਨ ਦਾ ਦਫ਼ਤਰ ਖੋਲਿਆ ਹੋਇਆ ਸੀ ਜਿੱਥੇ ਲੋਕਾਂ ਨੂੰ ਬਾਹਰ ਭੇਜਣ ਲਈ ਲੱਖਾਂ ਰੁਪਏ ਲੈਂਦੇ ਸਨ ਪ੍ਰੰਤੂ ਉਹਨਾਂ ਨਾ ਕਿਸੇ ਨੂੰ ਬਾਹਰ ਭੇਜਿਆ ਤੇ ਨਾ ਹੀ ਕਿਸੇ ਦੇ ਪੈਸੇ ਮੋੜੇ। ਇਸ ਤੋਂ ਬਾਅਦ ਠੱਗੀ ਦਾ ਸ਼ਿਕਾਰ ਹੋਏ ਲੋਕ ਜਦ ਪੈਸੇ ਲੈਣ ਲਈ ਫੋਨ ਕਰਦੇ ਤਾਂ ਉਹ ਫੋਨ ਨਾ ਚੁੱਕਦੇ, ਉਲਟਾ ਮਿਸਿਜ਼ ਚੰਡੀਗੜ੍ਹ ਅਪਰਣਾ ਸਗੋਤਰਾ ਲੋਕਾਂ ਨੂੰ ਆਪਣੇ ਵਕੀਲ ਹੋਣ ਦਾ ਰੋਹਬ ਮਾਰਦੀ ਅਤੇ ਉਨਾਂ ‘ਤੇ ਕੇਸ ਦਰਜ ਕਰਵਾਉਣ ਦੀ ਧਮਕੀ ਦਿੰਦੀ। ਐਸਐਚਓ ਗਗਨਦੀਪ ਸਿੰਘ ਨੇ ਕਿਹਾ ਕਿ ਠੱਗੀ ਦੀ ਰਕਮ ਜ਼ਿਆਦਾ ਹੈ ਜਿਸ ਕਰਕੇ ਇਹਨਾਂ ਦੇ ਬੈਂਕ ਖਾਤਿਆਂ ਤੇ ਪ੍ਰੋਪਰਟੀ ਦੀ ਡਿਟੇਲ ਪਤਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੁਲਿਸ ਅਦਾਲਤ ਰਾਹੀਂ ਇਹਨਾਂ ਦੀ ਸੰਪੱਤੀ ਕੁਰਕ ਕਰਵਾਏਗੀ ਤਾਂ ਜੋ ਠੱਗੀ ਦੇ ਸ਼ਿਕਾਰ ਲੋਕਾਂ ਨੂੰ ਇਨਸਾਫ ਮਿਲ ਸਕੇ। ਮੋਹਾਲੀ ਦੇ ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਅਪਰਣਾ ‘ਤੇ ਜ਼ਿਆਦਾ ਕੇਸ ਸੁਹਾਣਾ ਥਾਣੇ ਵਿੱਚ ਦਰਜ ਹਨ ਅਤੇ ਸਾਰੇ ਕੇਸ ਇਮੀਗ੍ਰੇਸ਼ਨ ਧੋਖਾਧੜੀ ਦੇ ਹਨ।