ਚੰਡੀਗੜ੍ਹ,13 ਜੁਲਾਈ, Gee98 news service
-ਸੂਬੇ ‘ਚ ਸਪਾ ਸੈਂਟਰਾਂ ‘ਚ ਹੋਣ ਵਾਲੇ ਗਲਤ ਕੰਮਾਂ ਦੀਆਂ ਲਗਾਤਾਰ ਰਿਪੋਰਟਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਸਪਾ ਸੈਂਟਰਾਂ ‘ਤੇ ਸਖ਼ਤੀ ਕਰ ਦਿੱਤੀ ਹੈ। ਇਨਾ ਸੈਂਟਰਾਂ ਸਬੰਧੀ ਅਕਸਰ ਇਹ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਸਪਾ ਸੈਂਟਰਾਂ ‘ਤੇ ਸੈਕਸ ਰੈਕੇਟ ਆਮ ਹੀ ਚਲਾਏ ਜਾਂਦੇ ਹਨ। ਪੰਜਾਬ ਦੇ ਡੀਜੀਪੀ ਨੇ ਸਪਾ ਸੈਂਟਰਾ ਸਬੰਧੀ ਸਖ਼ਤ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਪਾ ਅਤੇ ਮਸਾਜ ਸੈਂਟਰਾਂ ਦੇ ਅੰਦਰ ਅਤੇ ਬਾਹਰ ਚੰਗੀ ਕੁਆਲਿਟੀ ਦੇ ਸੀ.ਸੀ.ਟੀ.ਵੀ ਲੱਗੇ ਹੋਣੇ ਚਾਹੀਦੇ ਹਨ ਅਤੇ ਰਿਸੈਪਸ਼ਨ ‘ਤੇ ਵੀ ਸੀ.ਸੀ.ਟੀ.ਵੀ. ਕੈਮਰੇ ਲਗਾਉਣੇ ਚਾਹੀਦੇ ਹਨ ਜੋ ਆਉਣ ਵਾਲੇ ਗਾਹਕਾਂ ਨੂੰ ਕਵਰ ਕਰਨ। ਇਸ ਦਾ ਬੈਕਅੱਪ ਘੱਟੋ-ਘੱਟ 30 ਦਿਨਾਂ ਲਈ ਹੋਣਾ ਚਾਹੀਦਾ ਹੈ। ਇਸ ਦੇ ਨਾਲ ਕੇਂਦਰ ਵਿੱਚ ਆਉਣ ਵਾਲੇ ਹਰੇਕ ਗਾਹਕ ਦਾ ਰਿਕਾਰਡ ਰੱਖਣਾ ਜ਼ਰੂਰੀ ਹੈ। ਉਨ੍ਹਾਂ ਦੇ ਮੋਬਾਈਲ ਨੰਬਰ ਅਤੇ ਆਧਾਰ ਕਾਰਡ ਦੀ ਕਾਪੀ ਰੱਖਣਾ ਜ਼ਰੂਰੀ ਹੈ। ਕੇਂਦਰ ਵਿੱਚ ਕੰਮ ਕਰ ਰਹੇ ਸਾਰੇ ਕਰਮਚਾਰੀਆਂ ਲਈ ਪੁਲਿਸ ਵੈਰੀਫਿਕੇਸ਼ਨ ਜ਼ਰੂਰੀ ਹੈ। ਇਸ ਦੇ ਨਾਲ ਹੀ ਕੰਮ ਕਰ ਰਹੇ ਵਿਦੇਸ਼ੀ ਕਰਮਚਾਰੀਆਂ ਦੇ ਆਧਾਰ ਕਾਰਡ, ਪਾਸਪੋਰਟ ਅਤੇ ਹੋਰ ਦਸਤਾਵੇਜ਼ਾਂ ਦੀਆਂ ਕਾਪੀਆਂ ਆਪਣੇ ਕੋਲ ਰੱਖਣੀਆਂ ਚਾਹੀਦੀਆਂ ਹਨ। ਸਪਾ ਅਤੇ ਮਸਾਜ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਕਰਮਚਾਰੀਆਂ ਕੋਲ ਉਚਿਤ ਵੀਜ਼ਾ ਹੋਣਾ ਚਾਹੀਦਾ ਹੈ। ਮਾਲਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹਨਾਂ ਸਪਾ ਅਤੇ ਮਸਾਜ ਕੇਂਦਰਾਂ ਵਿੱਚ ਕੋਈ ਗੁਪਤ ਪ੍ਰਵੇਸ਼ ਜਾਂ ਬਾਹਰ ਨਿਕਲਣ ਦੇ ਦਰਵਾਜ਼ੇ ਜਾਂ ਗੁਪਤ ਕੈਬਿਨ ਨਹੀਂ ਹੋਣੇ ਚਾਹੀਦੇ ਹਨ। ਕੇਂਦਰ ਵਿੱਚ ਕੋਈ ਨਸ਼ੀਲੇ ਪਦਾਰਥ ਜਾਂ ਅਲਕੋਹਲ ਵਾਲੇ ਪਦਾਰਥ ਨਹੀਂ ਪਰੋਸੇ ਜਾਣੇ ਚਾਹੀਦੇ। ਜੇਕਰ ਕੋਈ ਨਿਯਮਾਂ ਦੀ ਅਣਦੇਖੀ ਕਰਦਾ ਹੈ ਤਾਂ ਪੁਲਿਸ ਉਸ ਵਿਰੁੱਧ ਸਖ਼ਤ ਕਾਰਵਾਈ ਕਰ ਸਕਦੀ ਹੈ।