ਬਰਨਾਲਾ,4 ਜੁਲਾਈ (ਨਿਰਮਲ ਸਿੰਘ ਪੰਡੋਰੀ)-
-ਮਾਨਸੂਨ ਦੇ ਭਾਰੀ ਮੀਹਾਂ ਤੋਂ ਪਹਿਲਾਂ ਹੀ ਬਰਨਾਲਾ ਦੇ ਅੰਦਰੂਨੀ ਹਿੱਸਿਆਂ ਵਿੱਚ ਵਿਕਾਸ ਕਾਰਜਾਂ ਦੀ ਪੋਲ ਖੁੱਲਣੀ ਸ਼ੁਰੂ ਹੋ ਗਈ ਹੈ। ਬੀਤੀ ਰਾਤ ਕੁਝ ਮੀਂਹ ਪੈਣ ਤੋਂ ਬਾਅਦ ਸ਼ਹਿਰ ਦੇ ਕਾਫੀ ਹਿੱਸਿਆਂ ਵਿੱਚ ਕੁਝ ਗਲੀਆਂ ਵਿੱਚ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਨਾ ਹੋਣ ਕਰਕੇ ਅਤੇ ਗਲੀਆਂ ਨੀਵੀਆਂ ਹੋਣ ਕਾਰਨ ਲੋਕਾਂ ਲਈ ਲੰਘਣਾ ਮੁਸ਼ਕਿਲ ਹੋਇਆ। ਅਜਿਹੀ ਹਾਲਾਤ ਬਰਨਾਲਾ ਦੀ ਮਸ਼ਹੂਰ ਅਤੇ ਪੁਰਾਣੀ ਲੱਖੀ ਕਾਲੋਨੀ ਦੀ ਗਲੀ ਨੰਬਰ 5 ਦੇ ਬਣੇ ਹੋਏ ਹਨ। ਇਹ ਗਲੀ ਨੀਵੀ ਹੋ ਜਾਣ ਕਰਕੇ ਗਲੀ ਦੀ ਮਾੜੀ ਹਾਲਤ ਨੇ ਗਲੀ ਵਾਸੀਆਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ, ਥੋੜਾ ਜਿਹਾ ਮੀਂਹ ਪੈਣ ਤੋਂ ਬਾਅਦ ਤਾਂ ਇਸ ਗਲੀ ਦੇ ਹਾਲਾਤ ਬਦ ਤੋਂ ਬਦਤਰ ਹੋ ਜਾਂਦੇ ਹਨ। ਲੱਖੀ ਕਾਲੋਨੀ ਦੀ ਇਸ ਗਲੀ ਨੰਬਰ 5 ਵਿੱਚ ਲੋਕਾਂ ਦਾ ਪੈਦਲ ਚੱਲਣਾ ਤਾਂ ਦੂਰ ਸਗੋਂ ਕਈ ਵਾਰ ਵਾਹਨ ਫਿਸਲਣ ਕਰਕੇ ਵੀ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਗਲੀ ਦੇ ਵਸਨੀਕਾਂ ਨੇ ਦੱਸਿਆ ਕਿ ਉਹਨਾਂ ਨੇ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ, ਸਗੋਂ ਇਸ ਸਬੰਧੀ ਲਿਖਤੀ ਦਰਖਾਸਤ ਵੀ ਕਮੇਟੀ ਦੇ ਪ੍ਰਧਾਨ ਅਤੇ ਅਧਿਕਾਰੀਆਂ ਨੂੰ ਦਿੱਤੀ ਅਤੇ ਸਬੰਧਤ ਕੌਂਸਲਰ ਨੂੰ ਵੀ ਕਿਹਾ ਪ੍ਰੰਤੂ ਲੱਖੀ ਕਾਲੋਨੀ ਦੀ ਇਸ ਗਲੀ ਨੰਬਰ 5 ਵੱਲ ਕਿਸੇ ਦੀ ਸਵੱਲੀ ਨਜ਼ਰ ਨਹੀਂ ਪਈ ਅਤੇ ਕਈ ਵਾਰ ਧਿਆਨ ‘ਚ ਲਿਆਉਣ ਦੇ ਬਾਵਜੂਦ ਵੀ ਪਰਨਾਲਾ ਉਥੇ ਦਾ ਉਥੇ ਹੀ ਹੈ। ਇਸ ਗਲੀ ਵਿੱਚ ਕਰੀਬ 200 ਫੁੱਟ ਦੇ ਟੋਟੇ ਦੇ ਹਾਲਾਤ ਦਾ ਬਹੁਤ ਹੀ ਮਾੜੇ ਹਨ। ਗਲੀ ਵਾਸੀਆਂ ਰਜੇਸ਼ ਬਾਂਸਲ, ਸ਼ਿਵ ਕੁਮਾਰ, ਮਨੀਸ਼ ਕੁਮਾਰ, ਐਡਵੋਕੇਟ ਧੀਰਜ ਕੁਮਾਰ, ਰਵਿੰਦਰ ਕੁਮਾਰ, ਨਵਦੀਪ ਸ਼ਰਮਾ, ਬਿੱਟੂ ਅਤੇ ਦਿਨੇਸ਼ ਕੁਮਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਹੀ ਇਸ ਗਲੀ ਵਿੱਚ ਇੰਟਰਲਾੱਕ ਟਾਈਲਾਂ ਲਗਾ ਕੇ ਇਸ ਗਲੀ ਦੀ ਹਾਲਤ ਸੁਧਾਰੀ ਜਾਵੇ ਤਾਂ ਜੋ ਇਸ ਗਲੀ ਵਿੱਚ ਰਹਿਣ ਅਤੇ ਲੰਘਣ ਵਾਲਿਆਂ ਦਾ ਜੀਵਨ ਕੁਝ ਸੌਖਾ ਹੋਵੇ। ਜ਼ਿਕਰਯੋਗ ਹੈ ਕਿ ਲੱਖੀ ਕਾਲੋਨੀ ਦੀ ਇਸ ਗਲੀ ਨੰਬਰ 5 ਦੀ ਮਾੜੀ ਹਾਲਤ ਬਰਨਾਲਾ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦੇ ਦਾਅਵਿਆਂ ‘ਤੇ ਵੀ ਸਵਾਲ ਖੜੇ ਕਰਦੀ ਹੈ। ਗਲੀ ਵਾਸੀਆਂ ਦੀ ਨਾਰਾਜ਼ਗੀ ਨੂੰ ਵੇਖਦੇ ਲੱਗਦਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਇਸ ਗਲੀ ਦੀ ਹਾਲਤ ਸੁਧਾਰਨ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਬਰਨਾਲਾ ਦੀ ਜ਼ਿਮਨੀ ਚੋਣ ਵਿੱਚ ਇਸ ਗਲੀ ਦੇ ਵਸਨੀਕ ਆਪਣੀ ਨਾਰਾਜ਼ਗੀ ਲੋਕਤੰਤਰਿਕ ਢੰਗ ਤਰੀਕੇ ਨਾਲ ਕੱਢ ਸਕਦੇ ਹਨ।
