ਚੰਡੀਗੜ੍ਹ,20 ਜੂਨ, Gee98 news service
-ਪੰਜਾਬ ਸਰਕਾਰ ਨੇ ਆਂਗਨਵਾੜੀ ਵਰਕਰਾਂ/ਹੈਲਪਰਾਂ ਦੀ ਜਥੇਬੰਦੀ ਦੇ ਚੋਟੀ ਦੇ ਆਗੂ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਹਰਗੋਬਿੰਦ ਕੌਰ ਆਂਗਣਵਾੜੀ ਇੰਪਲਾਈਜ਼ ਫੈਡਰੇਸ਼ਨ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਅਤੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਨ ਅਤੇ ਉਹ ਮੌਜੂਦਾ ਸਮੇਂ ਵਿੱਚ ਪਿਛਲੇ 34 ਸਾਲ ਤੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਚੱਕ ਕਾਲਾ ਸਿੰਘ ਵਾਲਾ ਦੇ ਆਂਗਣਵਾੜੀ ਸੈਂਟਰ ਵਿੱਚ ਬਤੌਰ ਆਂਗਨਵਾੜੀ ਵਰਕਰ ਸੇਵਾਵਾਂ ਨਿਭਾ ਰਹੇ ਹਨ। ਹਰਗੋਬਿੰਦ ਕੌਰ ਨੂੰ ਵਿਭਾਗ ਦੇ ਡਾਇਰੈਕਟਰ ਵੱਲੋਂ ਸੇਵਾਵਾਂ ਖਤਮ ਕਰਨ ਸਬੰਧੀ ਚਿੱਠੀ ਭੇਜ ਦਿੱਤੀ ਗਈ ਹੈ। ਵਿਭਾਗ ਵੱਲੋਂ ਦੋਸ਼ ਇਹ ਲਗਾਇਆ ਗਿਆ ਹੈ ਕਿ ਹਰਗੋਬਿੰਦ ਕੌਰ ਨੇ ਛੁੱਟੀਆਂ ਵੱਧ ਲਈਆਂ ਹਨ ਜਿਸ ਕਰਕੇ ਆਂਗਣਵਾੜੀ ਸੈਂਟਰ ਦਾ ਕੰਮ ਪ੍ਰਭਾਵਿਤ ਹੋਇਆ ਹੈ ਪ੍ਰੰਤੂ ਅਸਲ ਵਿੱਚ ਸਰਕਾਰ ਵੱਲੋਂ ਹਰਗੋਬਿੰਦ ਕੌਰ ਦੇ ਖਿਲਾਫ ਕੀਤੀ ਗਈ ਕਾਰਵਾਈ ਨੂੰ ਰਾਜਨੀਤਿਕ ਬਦਲਾਖੋਰੀ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹਰਗੋਬਿੰਦ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਬਣਾ ਦਿੱਤਾ ਗਿਆ ਸੀ। ਹਰਗੋਬਿੰਦ ਕੌਰ ਨੇ ਜਿਥੇ ਪੰਜਾਬ ਸਰਕਾਰ ਦੇ ਖ਼ਿਲਾਫ਼ ਔਰਤਾਂ ਨੂੰ ਹਜ਼ਾਰ- ਹਜ਼ਾਰ ਰੁਪਏ ਨਾ ਦੇਣ ਦਾ ਮੁੱਦਾ ਚੁੱਕਿਆ , ਉਥੇ ਹੀ ਆਟੇ ਦਾਲ ਵਾਲੇ 11 ਲੱਖ ਰਾਸ਼ਨ ਕਾਰਡਾਂ ਅਤੇ ਗਰੀਬ ਲੋਕਾਂ ਨੂੰ ਬਿਜਲੀ ਦੇ ਵੱਧ ਆ ਰਹੇ ਬਿੱਲਾਂ ਦਾ ਮਾਮਲਾ ਉਠਾ ਕੇ ਸਰਕਾਰ ਨੂੰ ਘੇਰਿਆ। ਇਸ ਤੋਂ ਇਲਾਵਾ ਉਹ ਔਰਤ ਤੇ ਬਾਲ ਭਲਾਈ ਸੰਸਥਾ ਪੰਜਾਬ ਦੇ ਚੇਅਰਪਰਸਨ ਵੀ ਹਨ ਤੇ ਪੀੜਤ ਔਰਤਾਂ ਨੂੰ ਨਿਆਂ ਦਿਵਾਉਣ ਲਈ ਉਹਨਾਂ ਦੇ ਨਾਲ ਸਰਕਾਰ ਅਤੇ ਪ੍ਰਸ਼ਾਸਨ ਨਾਲ ਲੜਾਈ ਲੜਦੇ ਹਨ। ਆਪਣੇ ਖਿਲਾਫ ਸਰਕਾਰ ਵੱਲੋਂ ਕੀਤੇ ਫੈਸਲੇ ਤੇ ਟਿੱਪਣੀ ਕਰਦੇ ਹੋਏ ਹਰਗੋਬਿੰਦ ਕੌਰ ਨੇ ਕਿਹਾ ਕਿ ਉਹਨਾਂ ਨੂੰ ਖ਼ਿਲਾਫ਼ ਨੌਕਰੀ ਤੋਂ ਕੱਢਣ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਨ । ਉਨਾਂ ਕਿਹਾ ਕਿ ਮੇਰੀਆਂ ਸੇਵਾਵਾਂ ਖ਼ਤਮ ਕਰਕੇ ਪੰਜਾਬ ਸਰਕਾਰ ਨੇ ਆਪਣੀ ਹਾਰ ਕਬੂਲੀ ਹੈ। ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰ ਬਿਨਾਂ ਤਨਖਾਹ ਤੋਂ ਛੁੱਟੀ ਨਹੀਂ ਸਕਦੀ ਸਬੰਧੀ ਪੱਤਰ ਮਈ 2024 ‘ਚ ਜਾਰੀ ਕੀਤਾ ਹੈ। ਜਦ ਕਿ ਛੁੱਟੀਆਂ ਉਨ੍ਹਾਂ ਨੇ 2023 ‘ਚ ਲਈਆਂ ਸਨ,ਉਦੋਂ ਤੱਕ ਸਰਕਾਰ ਵੱਲੋਂ ਕੋਈ ਪੱਤਰ ਨਹੀਂ ਆਇਆ ਸੀ । ਉਨਾਂ ਕਿਹਾ ਕਿ “ਪਿਛਲੇਂ 30 ਸਾਲ ਤੋਂ ਯੂਨੀਅਨ ‘ਚ ਕੰਮ ਕਰ ਰਹੀ ਆਂ, ਮੈਂ ਹਰ ਸਾਲ 20 ਤੋਂ ਉੱਪਰ ਛੁੱਟੀਆਂ ਲੈਂਦੀ ਰਹੀ ਹਾਂ ਜਿੱਥੋਂ ਤੱਕ ਰਾਜਨੀਤਿਕ ਗਤੀਵਿਧੀਆਂ ‘ਚ ਭਾਗ ਲੈਣ ਦਾ ਸਬੰਧ ਹੈ ਆਂਗਣਵਾੜੀ ਵਰਕਰ ਇੱਕ ਸੋਸ਼ਲ ਵਰਕਰ ਹੈ ਅਤੇ ਉਸਨੂੰ ਚੋਣ ਲੜਨ ਦਾ ਅਧਿਕਾਰ ਹੈ । ਜਿਸ ਕਰਕੇ ਉਹ ਰਾਜਨੀਤਿਕ ਗਤੀਵਿਧੀਆਂ ‘ਚ ਭਾਗ ਲੈ ਸਕਦੀ ਹੈ। ਇਹ ਬੇਬੁਨਿਆਦ ਇਲਜ਼ਾਮ ਲਾ ਕੇ ਮੇਰੀਆਂ ਸੇਵਾਵਾਂ ਖ਼ਤਮ ਕੀਤੀਆਂ ਗਈਆਂ ਹਨ। ਜਿਨ੍ਹਾਂ ਦਾ ਮੈਂ ਜ਼ੋਰਦਾਰ ਵਿਰੋਧ ਕਰਦੀ ਹਾਂ”। ਉਹਨਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਇੱਕ ਕਮੇਟੀ ਬਿਠਾ ਕੇ ਮੇਰਾ ਸਾਰਾ ਕੰਮ ਚੈੱਕ ਕੀਤਾ । ਜਿਸ ‘ਚ ਕੋਈ ਨੁਕਸ ਨਹੀਂ ਪਾਇਆ ਗਿਆ । ਫਿਰ ਬਿਨਾਂ ਵਜ੍ਹਾ ਦਾ ਅਧਾਰ ਬਣਾ ਕੇ ਮੈਨੂੰ ਨੌਕਰੀ ਤੋਂ ਬਾਹਰ ਕੀਤਾ ਗਿਆ। ਉਨਾਂ ਕਿਹਾ ਕਿ ਇਹ ਸਰਕਾਰ ਆਪਣਾ ਵਿਰੋਧ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੀ । ਹਾਲਾਂਕਿ ਪਿਛਲੀਆਂ ਸਰਕਾਰਾਂ ਦੇ ਖ਼ਿਲਾਫ਼ ਮੈਂ ਬੇਹੱਦ ਸੰਘਰਸ਼ ਕੀਤਾ, ਜੇਲ੍ਹਾਂ ਕੱਟੀਆਂ ਅਤੇ ਮਰਨ ਵਰਤ ਰੱਖੇ ਪਰ ਇਸ ਤਰ੍ਹਾਂ ਦਾ ਵਤੀਰਾ ਕਿਸੇ ਵੀ ਸਰਕਾਰ ਵੱਲੋਂ ਨਹੀਂ ਕੀਤਾ ਗਿਆ।