ਬਰਨਾਲਾ,19 ਜੂਨ ( ਨਿਰਮਲ ਸਿੰਘ ਪੰਡੋਰੀ )-
-ਸਰਕਾਰ ਵੱਲੋਂ ਨੈਸ਼ਨਲ ਫੂਡ ਸਿਕਉਰਿਟੀ ਐਕਟ 2013 ਅਧੀਨ ਰਾਸ਼ਨ ਕਾਰਡਾਂ ਦਾ ਨਵੇਂ ਸਿਰੇ ਤੋਂ ਸਰਵੇ ਕਰਵਾਇਆ ਜਾ ਰਿਹਾ ਹੈ। ਇਸ ਸਰਵੇ ਅਧੀਨ ਆਟਾ ਦਾਲ ਸਕੀਮ ਤਹਿਤ ਬਣੇ ਬਹੁਤ ਸਾਰੇ ਗਲਤ ਰਾਸ਼ਨ ਕਾਰਡ ਕੱਟੇ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਰਵੇ e-kyc ਸਕੀਮ ਤਹਿਤ ਹੋਵੇਗਾ ਅਤੇ ਇਸ ਸਕੀਮ ਤਹਿਤ ਹੋਣ ਵਾਲੇ ਸਰਵੇ ਸਮੇਂ ਰਾਸ਼ਨ ਕਾਰਡ ਵਿੱਚ ਦਰਜ ਸਾਰੇ ਮੈਂਬਰਾਂ ਦਾ ਮੌਕੇ ‘ਤੇ ਹਾਜ਼ਰ ਹੋਣਾ ਜ਼ਰੂਰੀ ਹੋਵੇਗਾ ਕਿਉਂਕਿ e-kyc ਦੌਰਾਨ ਹਰ ਇੱਕ ਮੈਂਬਰ ਦੀ ਬਾਇਓਮੈਟਰਿਕ ਹੋਵੇਗੀ। ਜਿਹੜਾ ਮੈਂਬਰ ਮੌਕੇ ਤੋਂ ਗੈਰਹਾਜ਼ਰ ਹੋਵੇਗਾ ਉਸਦਾ ਨਾਮ ਰਾਸ਼ਨ ਕਾਰਡ ਵਿੱਚੋਂ ਕੱਟਿਆ ਜਾਵੇਗਾ। ਦੂਜੇ ਸ਼ਬਦਾਂ ਵਿੱਚ e-kyc ਹੋਣ ਮੌਕੇ ਮੌਤ ਨਾਲ ਸੰਬੰਧਿਤ ਕੇਸ, ਸ਼ਾਦੀਸ਼ੁਦਾ ਮੈਂਬਰਾਂ ਦੇ ਨਾਮ, ਕਿਸੇ ਵੀ ਕਾਰਨ ਜੇਲ੍ਹ ਵਿੱਚ ਬੈਠੇ ਮੈਂਬਰ ਦਾ ਨਾਮ ਅਤੇ ਮੌਕੇ ‘ਤੇ ਹਾਜ਼ਰ ਨਾ ਹੋਣ ਵਾਲੇ ਮੈਂਬਰ ਦਾ ਨਾਮ ਕਾਰਡ ਵਿੱਚ ਦਰਜ ਨਹੀਂ ਹੋਵੇਗਾ। ਇਹ e-kyc ਕਾਮਨ ਸਰਵਿਸ ਸੈਂਟਰਾਂ ਅਤੇ ਡੀਪੂ ਹੋਲਡਰਾਂ ਵੱਲੋਂ ਵੀ ਕੀਤੀ ਜਾਵੇਗੀ। ਸਰਕਾਰ ਵੱਲੋਂ ਇਸ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਬਰਨਾਲਾ ਦੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਹਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ‘ਚ ਵੀ e-kyc ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।