ਚੰਡੀਗੜ੍ਹ,18 ਜੂਨ, Gee98 news service
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ‘ਚ ਲੋਕ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਮਿਲੀ ਹਾਰ ਤੋਂ ਅਜੇ ਵੀ ਖ਼ਫ਼ਾ ਹਨ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨੇ ਹਾਰ ਦਾ ਠੀਕਰਾ ਪੰਜਾਬ ਪੁਲਿਸ ਦੇ ਸਿਰ ਭੰਨਿਆ ਸੀ ਅਤੇ ਬੀਤੇ ਕੱਲ੍ਹ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨਾਲ ਹੋਈ ਮੀਟਿੰਗ ਦੌਰਾਨ ਵੀ ਮੁੱਖ ਮੰਤਰੀ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਟਹਿਰੇ ਵਿੱਚ ਖੜਾ ਕੀਤਾ। ਸੂਤਰਾਂ ਅਨੁਸਾਰ ਮੀਟਿੰਗ ਦੌਰਾਨ ਮੁੱਖ ਮੰਤਰੀ ਡਿਪਟੀ ਕਮਿਸ਼ਨਰਾਂ ਨਾਲ ਕਾਫੀ ਖਫਾ ਨਜ਼ਰ ਆਏ। ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰਾਂ ਨੂੰ ਦੋ ਟੁੱਕ ਇਹ ਵੀ ਕਹਿ ਦਿੱਤਾ ਕਿ “ਉਹ ਕੰਮ ਕਰਨ ਜਾਂ ਕੁਰਸੀ ਛੱਡਣ”। ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਹੇਠਲੇ ਪੱਧਰ ‘ਤੇ ਕਿਸੇ ਜ਼ਿਲ੍ਹੇ ਵਿੱਚ ਖਾਸ ਕਰਕੇ ਤਹਿਸੀਲਾਂ ਵਿੱਚ ਕੁਰੱਪਸ਼ਨ ਦੇ ਕੇਸ ਸਾਹਮਣੇ ਆਏ ਤਾਂ ਇਸ ਲਈ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਜ਼ਿੰਮੇਵਾਰ ਹੋਵੇਗਾ। ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸੁਵਿਧਾ ਆਉਣ ਲਈ ਡਿਪਟੀ ਕਮਿਸ਼ਨਰ ਜਵਾਬ ਦੇ ਹੋਣਗੇ। ਦੱਸ ਦੇਈਏ ਕਿ ਪਿਛਲੇ ਦਿਨੀ ਮੁੱਖ ਮੰਤਰੀ ਵੱਲੋਂ ਆਪਣੇ ਉਮੀਦਵਾਰਾਂ, ਵਿਧਾਇਕਾਂ ਤੇ ਆਗੂਆਂ ਨਾਲ ਜੋ ਮੰਥਨ ਮੀਟਿੰਗਾਂ ਕੀਤੀਆਂ ਗਈਆਂ ਉਸ ਦੌਰਾਨ ਮਿਲੀ ਫੀਡਬੈਕ ਅਤੇ ਫੀਲਡ ਵਿੱਚੋਂ ਆਈਆਂ ਰਿਪੋਰਟਾਂ ਦੇ ਅਧਾਰ ‘ਤੇ ਮੁੱਖ ਮੰਤਰੀ ਸੂਬੇ ਦੇ ਐਸਐਸਪੀਜ਼ ਅਤੇ ਡੀਸੀਜ਼ ਨਾਲ ਖਫਾ ਹਨ। ਮੁੱਖ ਮੰਤਰੀ ਨੇ ਮੀਟਿੰਗ ‘ਚ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਦੇ ਰੌਅ ਨੇ ਸਰਕਾਰ ਨੂੰ ਦਫਤਰਾਂ ਵਿੱਚ ਸਭ ਅੱਛਾ ਨਾ ਹੋਣ ਦਾ ਚੇਤਾ ਕਰਵਾਇਆ ਹੈ। ਉਹਨਾਂ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਲੋਕਾਂ ਦੇ ਕੰਮ ਪਹਿਲ ਦੇ ਅਧਾਰ ‘ਤੇ ਹੋਣੇ ਚਾਹੀਦੇ ਹਨ ਅਤੇ ਕਿਸੇ ਵੀ ਜਾਇਜ਼ ਕੰਮ ਲਈ ਉਪਰੋ ਕਿਸੇ ਦੇ ਫੋਨ ਦੀ ਉਡੀਕ ਨਾ ਕੀਤੀ ਜਾਵੇ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਕਿ ਵਿਧਾਇਕਾਂ ਦੀ ਗੱਲ ਪਹਿਲ ਦੇ ਆਧਾਰ ‘ਤੇ ਸੁਣੀ ਜਾਵੇ। ਸਰਕਾਰੀ ਦਫਤਰਾਂ ਦੇ ਕੰਮ ਕਾਰ ਵਿੱਚ ਸੁਧਾਰ ਸਬੰਧੀ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਹੋਰ ਵੀ ਹਦਾਇਤਾਂ ਦਿੱਤੀਆਂ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ‘ਚ ਮਿਲੀ ਹਾਰ ਤੋਂ ਬਾਅਦ ਮੁੱਖ ਮੰਤਰੀ ਦਾ ਜ਼ਿਲ੍ਹਾ ਪੁਲਿਸ ਮੁਖੀਆਂ ਤੇ ਡਿਪਟੀ ਕਮਿਸ਼ਨਰਾਂ ਪ੍ਰਤੀ ਰਵੱਈਆ ਚਰਚਾ ਵਿੱਚ ਹੈ। ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਪੂਰਤੀ ਨਾ ਹੋਣ ਤੋਂ ਬਾਅਦ ਲੋਕਾਂ ਦਾ ਧਿਆਨ ਭਟਕਾਉਣ ਲਈ ਮੁੱਖ ਮੰਤਰੀ ਅਫਸਰਸ਼ਾਹੀ ‘ਤੇ ਹਾਰ ਦਾ ਠੀਕਰਾ ਭੰਨ ਰਹੇ ਹਨ।