ਬਰਨਾਲਾ,17 ਜੂਨ (ਨਿਰਮਲ ਸਿੰਘ ਪੰਡੋਰੀ)-
-ਆਪਣੇ ਪਤੀ ਨਾਲ ਅਣਬਣ ਹੋਣ ਤੋਂ ਬਾਅਦ ਕਿਸੇ ਹੋਰ ਵਿਅਕਤੀ ਨਾਲ ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿਣ ਵਾਲੀ ਇੱਕ ਔਰਤ ਨੂੰ ਇਹ ਨਜਾਇਜ਼ ਸਬੰਧ ਉਸ ਵੇਲੇ ਮਹਿੰਗੇ ਪੈ ਗਏ ਜਦ ਉਸ ਦੇ ਰਿਲੇਸ਼ਨਸ਼ਿਪ ‘ਚ ਰਹਿਣ ਵਾਲੇ ਵਿਅਕਤੀ ਨਾਲ ਵੀ ਸਬੰਧ ਵਿਗੜ ਗਏ ਅਤੇ ਰਿਲੇਸ਼ਨਸ਼ਿਪ ਵਾਲੇ ਵਿਅਕਤੀ ਨੇ ਉਸ ਔਰਤ ਦੇ ਢਿੱਡ ਵਿੱਚ ਚਾਕੂ ਮਾਰ ਕੇ ਸਖ਼ਤ ਜ਼ਖਮੀ ਕਰ ਦਿੱਤਾ। ਇਹ ਘਟਨਾ ਬਰਨਾਲਾ ਦੇ ਗਰਚਾ ਰੋਡ ਦੀ ਹੈ ਜਿੱਥੇ ਪਿਛਲੇ ਦਿਨੀ ਦੋਸ਼ੀ ਵਿਅਕਤੀ ਗੋਰਾ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਰੌਂਤਾ ਜ਼ਿਲ੍ਹਾ ਮੋਗਾ ਨੇ ਆਪਣੇ ਨਾਲ ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੀ ਰਮਨਦੀਪ ਕੌਰ ਉਰਫ਼ ਨਵੂ ਨੂੰ ਚਾਕੂ ਮਾਰ ਕੇ ਸਖ਼ਤ ਜ਼ਖਮੀ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਸਿਟੀ-2 ਨਿਰਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਲਵਪ੍ਰੀਤ ਕੌਰ ਪਤਨੀ ਵਿੱਕੀ ਸਿੰਘ ਵਾਸੀ ਸੰਤ ਨਗਰ ਗਰਚਾ ਰੋੜ ਬਰਨਾਲਾ ਨੇ ਬਿਆਨ ਲਿਖਵਾਏ ਹਨ ਕਿ 14 ਜੂਨ ਨੂੰ ਉਸ ਦੀ ਰਿਸ਼ਤੇਦਾਰੀ ਵਿੱਚੋਂ ਰਮਨਦੀਪ ਕੌਰ ਉਰਫ ਨਵੂ ਪਤਨੀ ਪ੍ਰਦੀਪ ਸਿੰਘ ਵਾਸੀ ਬੱਲੋਂ ਜ਼ਿਲ੍ਹਾ ਬਠਿੰਡਾ ਉਸ ਨੂੰ ਮਿਲਣ ਆਈ ਹੋਈ ਸੀ, ਜਿੱਥੇ ਆ ਕੇ ਉਕਤ ਗੋਰਾ ਸਿੰਘ ਨੇ ਰਮਨਦੀਪ ਕੌਰ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਪੁਲਿਸ ਨੂੰ ਲਵਪ੍ਰੀਤ ਕੌਰ ਨੇ ਦੱਸਿਆ ਕਿ ਉਕਤ ਰਮਨਦੀਪ ਕੌਰ ਦੇ ਆਪਣੇ ਪਤੀ ਪ੍ਰਦੀਪ ਸਿੰਘ ਨਾਲ ਸਬੰਧ ਕੁਝ ਵਿਗੜੇ ਹੋਏ ਸਨ ਜਿਸ ਤੋਂ ਬਾਅਦ ਉਸਦੇ ਉਕਤ ਗੋਰਾ ਸਿੰਘ ਨਾਲ ਸੰਬੰਧ ਬਣ ਗਏ ਪ੍ਰੰਤੂ ਹੁਣ ਕੁਝ ਸਮੇਂ ਤੋਂ ਉਹ ਆਪਣੇ ਪਤੀ ਪ੍ਰਦੀਪ ਸਿੰਘ ਦੇ ਫਿਰ ਨੇੜੇ ਆ ਗਈ ਅਤੇ ਉਸ ਕੋਲ ਰਹਿਣ ਲੱਗ ਪਈ। ਰਮਨਦੀਪ ਕੌਰ ਦੀ ਆਪਣੇ ਪਤੀ ਪ੍ਰਦੀਪ ਸਿੰਘ ਨਾਲ ਬਣੀ ਨੇੜਤਾ ਤੋਂ ਗੋਰਾ ਸਿੰਘ ਨਾਰਾਜ਼ ਸੀ ਇਸ ਕਰਕੇ ਉਸਨੇ ਗਰਚਾ ਰੋਡ ‘ਤੇ ਲਵਪ੍ਰੀਤ ਕੌਰ ਦੇ ਘਰ ਮਿਲਣ ਲਈ ਆਈ ਰਮਨਦੀਪ ਕੌਰ ਨੂੰ ਮਾਰਨ ਦੀ ਨੀਅਤ ਨਾਲ ਚਾਕੂ ਨਾਲ ਹਮਲਾ ਕੀਤਾ ਜਿਸ ਨਾਲ ਰਮਨਦੀਪ ਕੌਰ ਸਖਤ ਜਖਮੀ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਤੇ ਇਥੋਂ ਉਸ ਦੀ ਹਾਲਤ ਵੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਿੱਥੇ ਉਹ ਇਲਾਜ ਅਧੀਨ ਹੈ। ਇਸ ਮਾਮਲੇ ਸਬੰਧੀ ਐਸਐਚਓ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਗੋਰਾ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।