ਬਰਨਾਲਾ,16 ਜੂਨ (ਨਿਰਮਲ ਸਿੰਘ ਪੰਡੋਰੀ)-
-ਪੰਜਾਬ ‘ਚ ਪੈ ਰਹੀ ਤਪਸ਼ ਦੇ ਕਾਰਨ ਬਰਨਾਲਾ ‘ਚ ਐਤਵਾਰ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਚਲਦੀ ਹੋਈ ਆਲਟੋ ਕਾਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਉਸਦਾ ਡਰਾਈਵਰ ਅੱਗ ਨਾਲ ਕਾਰ ਦੇ ਵਿੱਚ ਹੀ ਝੁਲਸ ਗਿਆ ਜਿਸ ਦੀ ਮੌਤ ਹੋ ਗਈ। ਥਾਣਾ ਸਿਟੀ-2 ਦੇ ਐਸਐਚਓ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਜਗਤਾਰ ਸਿੰਘ ਪਿੰਡ ਦਰਾਜ ਵਜੋਂ ਹੋਈ ਹੈ ਜੋ ਦੋ ਬੱਚਿਆਂ ਦਾ ਬਾਪ ਸੀ ਅਤੇ ਬਰਨਾਲਾ ਕਿਸੇ ਕੰਮ ਲਈ ਆ ਰਿਹਾ ਸੀ ਅਚਾਨਕ ਮੋਗਾ ਬਾਈਪਾਸ ਨੇੜੇ ਉਸ ਦੀ ਆਲਟੋ ਕਾਰ ਨੂੰ ਅੱਗ ਲੱਗ ਗਈ ਅਤੇ ਉਸ ਨੂੰ ਕਾਰ ਤੋਂ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲ਼ਿਆ ਅਤੇ ਅੱਗ ਨਾਲ ਝੁਲਸਣ ਕਰਕੇ ਉਸ ਦੀ ਕਾਰ ਦੇ ਅੰਦਰ ਹੀ ਮੌਤ ਹੋ ਗਈ। ਅੱਗ ਬੁਝਾਉਣ ਲਈ ਭਾਵੇਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪੁੱਜੀਆਂ ਪਰੰਤੂ ਕਾਰ ਪਲਾਂ ਵਿੱਚ ਹੀ ਸੜ ਕੇ ਸੁਆਹ ਹੋ ਗਈ। ਇਸ ਮੌਕੇ ਪੁੱਜੇ ਫਾਇਰ ਬ੍ਰਿਗੇਡ ਗੇਡ ਅਫਸਰ ਬਰਨਾਲਾ ਜਸਪ੍ਰੀਤ ਸਿੰਘ ਨੇ ਕਿਹਾ ਕਿ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਦੁਪਹਿਰ ਦੇ ਵਕਤ ਸਫਰ ਕਰਨ ਤੋਂ ਬਚਣਾ ਚਾਹੀਦਾ ਹੈ ਜੇਕਰ ਮਜਬੂਰੀ ਵੱਸ ਸਫਰ ਕਰਨਾ ਹੀ ਪੈ ਜਾਵੇ ਤਾਂ ਤੁਰਨ ਤੋਂ ਪਹਿਲਾਂ ਆਪਣੇ ਵਾਹਨ ਦੀ ਚੰਗੀ ਤਰ੍ਹਾਂ ਚੈਕਿੰਗ ਕਰਨੀ ਚਾਹੀਦੀ ਹੈ ਅਤੇ ਜੇਕਰ ਲੰਮਾ ਸਫਰ ਕਰਨਾ ਪੈ ਜਾਵੇ ਤਾਂ ਰਸਤੇ ਵਿੱਚ ਕੁਝ ਸਮੇਂ ਦੀ ਬ੍ਰੇਕ ਜ਼ਰੂਰ ਲੈਣੀ ਚਾਹੀਦੀ ਹੈ।