ਇੱਕ ਕਿਸਾਨ ਜਥੇਬੰਦੀ ਵੱਲੋਂ ਸੱਤਾਧਿਰ ਦੀ ਮਦਦ ਸਬੰਧੀ ਖਹਿਰਾ ਦੇ ਬਿਆਨ ਤੋਂ ਬਾਅਦ ਛਿੜੀ ਚਰਚਾ
ਚੰਡੀਗੜ੍ਹ,7 ਜੂਨ, Gee98 news service
-ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਚੋਣ ਹਾਰਨ ਤੋਂ ਬਾਅਦ ਇੱਕ ਵੱਡਾ ਬਿਆਨ ਦਿੱਤਾ ਹੈ, ਜਿਸ ਨੇ ਕਿਸਾਨ ਜਥੇਬੰਦੀਆਂ ਦੀ ਪੰਜਾਬ ਦੀ ਰਾਜਨੀਤੀ ਵਿੱਚ ਸਿੱਧੀ ਦਖ਼ਲ ਅੰਦਾਜ਼ੀ ਸੰਬੰਧੀ ਇੱਕ ਵਾਰੀ ਫੇਰ ਚਰਚਾ ਛੇੜ ਦਿੱਤੀ ਹੈ। ਦੱਸ ਦੇਈਏ ਕਿ ਚੋਣ ਹਾਰਨ ਤੋਂ ਬਾਅਦ ਪਹਿਲੀ ਵਾਰ ਗੱਲ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਜਿੱਥੇ ਸੰਗਰੂਰ ਦੇ ਸਾਥ ਦੇਣ ਵਾਲੇ ਆਗੂਆਂ, ਵਰਕਰਾਂ, ਵੋਟਰਾਂ ਦਾ ਧੰਨਵਾਦ ਕੀਤਾ ਉਥੇ ਨਾਲ ਹੀ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਇੱਕ ਵੱਡੀ ਕਿਸਾਨ ਜਥੇਬੰਦੀ ਝਾੜੂ ਦੇ ਹੱਕ ਵਿੱਚ ਭੁਗਤੀ। ਖਹਿਰਾ ਦੇ ਇਸ ਬਿਆਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਰਣਨੀਤੀ ਸਬੰਧੀ ਚਰਚਾ ਦਾ ਬਾਜ਼ਾਰ ਗਰਮ ਹੋਣਾ ਸੁਭਾਵਿਕ ਹੀ ਹੈ। ਕੁਝ ਕਿਸਾਨ ਜਥੇਬੰਦੀਆਂ ਅਕਸਰ ਲੋਕਾਂ ਨੂੰ ਆਪਣੀਆਂ ਮੰਗਾਂ ਦੀ ਪ੍ਰਾਪਤੀ ਅਤੇ ਹੱਕਾਂ ਦੀ ਰਾਖੀ ਲਈ ਸਰਕਾਰਾਂ ਦੇ ਖ਼ਿਲਾਫ਼ ਸੰਘਰਸ਼ ‘ਤੇ ਟੇਕ ਰੱਖਣ ਦਾ ਹੋਕਾ ਦਿੰਦੀਆਂ ਹਨ ਪ੍ਰੰਤੂ ਇਹ ਹੈਰਾਨੀਜਨਕ ਅਤੇ ਵਿਚਾਰਨਯੋਗ ਹੈ ਕਿ ਲੋਕਾਂ ਨੂੰ ਵੋਟ ਤੰਤਰ ਅਤੇ ਲੋਕਤੰਤਰ ਦਾ ਵਿਰੋਧ ਕਰਨ ਦਾ ਹੋਕਾ ਦੇਣ ਵਾਲੇ ਖੁਦ ਵੋਟਾਂ ਦੀ ਕਿਸ਼ਤੀ ਵਿੱਚ ਸਵਾਰ ਹੋ ਜਾਂਦੇ ਹਨ, ਅਜਿਹੇ ਕਾਰਨਾਂ ਕਰਕੇ ਹੀ ਅਜੋਕੇ ਦੌਰ ‘ਚ ਜਨਤਕ ਜਥੇਬੰਦੀਆਂ ਦੀ ਭਰੋਸੇਯੋਗਤਾ ਆਮ ਲੋਕਾਂ ਵਿੱਚ ਘਟਦੀ ਜਾ ਰਹੀ ਹੈ। ਇਹਨਾਂ ਲੋਕ ਸਭਾ ਚੋਣਾਂ ਵਿੱਚ ਵੋਟਤੰਤਰ ਦੇ ਵਿਰੋਧ ਦਾ ਹੋਕਾ ਦੇਣ ਵਾਲੀਆਂ ਜਨਤਕ ਜਥੇਬੰਦੀਆਂ ਦੇ ਪਿੰਡ ਪੱਧਰੀ ਆਗੂਆਂ ਨੂੰ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਪੂਰੀ ਸਰਗਰਮੀ ਨਾਲ ਕੰਮ ਕਰਦੇ ਹੋਏ ਵੇਖਿਆ ਗਿਆ। ਹੁਣ ਜੇਕਰ ਕੋਈ ਜਥੇਬੰਦੀ ਆਮ ਲੋਕਾਂ ਨੂੰ ਵੋਟਤੰਤਰ ਦਾ ਵਿਰੋਧ ਕਰਕੇ ਸੰਘਰਸ਼ ‘ਤੇ ਟੇਕ ਰੱਖਣ ਦਾ ਹੋਕਾ ਦਿੰਦੀ ਹੋਵੇ ਪਰੰਤੂ ਉਸ ਦੇ ਆਪਣੇ ਬਲਾਕ/ਪਿੰਡ ਪੱਧਰੀ ਆਗੂਆਂ ਨੇ ਚੋਣਾਂ ਵਿੱਚ ਸਰਗਰਮ ਭੂਮਿਕਾ ਨਿਭਾ ਕੇ ਵੋਟਾਂ ਪਾਉਣ ਅਤੇ ਭਗਤਾਉਣ ਲਈ ਪੂਰਾ ਜ਼ੋਰ ਲਾਇਆ ਹੋਵੇ ਤਾਂ ਅਜਿਹੀਆਂ ਜਥੇਬੰਦੀਆਂ ਦੀ ਭਰੋਸੇ ਯੋਗਤਾ ‘ਤੇ ਸਵਾਲ ਉੱਠਣੇ ਸੁਭਾਵਿਕ ਹੀ ਹਨ ਕਿਉਂਕਿ ਜੇਕਰ ਜਥੇਬੰਦੀਆਂ ਦੇ ਆਗੂਆਂ,ਵਰਕਰਾਂ ਨੇ ਵੋਟਤੰਤਰ ਦਾ ਵਿਰੋਧ ਕੀਤਾ ਹੁੰਦਾ ਤਾਂ ਨੋਟਾ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਵੋਟਾਂ ਪੈਣੀਆਂ ਸਨ। ਇਹ ਹਾਥੀ ਦੇ ਦੰਦਾਂ ਵਾਲੀ ਰਣਨੀਤੀ/ਰਾਜਨੀਤੀ ਸਮਝ ਤੋਂ ਬਾਹਰ ਨਹੀਂ ਬਲਕਿ ਸਮਝ ਵਿੱਚ ਆਉਣ ਵਾਲੀ ਹੀ ਹੈ ਕਿ “ਗੰਗਾਧਰ ਹੀ ਸ਼ਕਤੀਮਾਨ” ਹੈ।