ਬਰਨਾਲਾ,4 ਜੂਨ, Gee98 news service
-ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ 1999 ਤੋਂ ਲੈ ਕੇ ਹੁਣ ਤੱਕ ਦਾ ਸੰਗਰੂਰ ਦੇ ਵੋਟਰਾਂ ਦਾ ਇੱਕ ਹੋਰ ਰਿਕਾਰਡ ਤੋੜ ਦਿੱਤਾ ਹੈ। 1999 ਤੋਂ ਲੈ ਕੇ ਮੀਤ ਹੇਅਰ ਪਹਿਲੇ ਉਮੀਦਵਾਰ ਹਨ ਜਿਹੜੇ ਸੂਬੇ ‘ਚ ਆਪਣੀ ਪਾਰਟੀ ਦੀ ਸਰਕਾਰ ਹੁੰਦੇ ਹੋਏ ਲੋਕ ਸਭਾ ਹਲਕਾ ਸੰਗਰੂਰ ਤੋਂ ਜਿੱਤੇ ਹਨ, ਇਸ ਤੋਂ ਪਹਿਲਾਂ ਸੰਗਰੂਰ ਹਲਕੇ ਤੋਂ ਸੱਤਾਧਾਰੀ ਪਾਰਟੀ ਦੇ ਉਲਟ ਹੀ ਨਤੀਜੇ ਆਉਂਦੇ ਰਹੇ ਹਨ। ਮੀਤ ਹੇਅਰ ਨੇ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਦੱਸ ਦੇਈਏ ਕਿ ਵੋਟਾਂ ਦੀ ਗਿਣਤੀ ਦੌਰਾਨ ਮੀਤ ਹੇਅਰ ਨੇ ਪਹਿਲੇ ਰਾਊਂਡ ਤੋਂ ਹੀ ਆਪਣੀ ਲੀਡ ਬਣਾ ਕੇ ਰੱਖੀ ਜਦਕਿ ਦੂਜੇ ਨੰਬਰ ਲਈ ਸਿਮਰਨਜੀਤ ਸਿੰਘ ਮਾਨ ਅਤੇ ਸੁਖਪਾਲ ਸਿੰਘ ਖਹਿਰਾ ਦੇ ਵਿਚਕਾਰ ਦੋ-ਤਿੰਨ ਵਾਰ ਉੱਪਰ ਥੱਲੇ ਵਾਲੀ ਸਥਿਤੀ ਪੈਦਾ ਹੋਈ ਅਤੇ ਅਖ਼ੀਰ ਸੁਖਪਾਲ ਸਿੰਘ ਖਹਿਰਾ ਨੇ ਸਿਮਰਨਜੀਤ ਸਿੰਘ ਮਾਨ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ। ਮੀਤ ਹੇਅਰ ਦੀ ਜਿੱਤ ਨੇ ਆਮ ਆਦਮੀ ਪਾਰਟੀ ਦੀ ਸਿਆਸੀ ਰਾਜਧਾਨੀ ਦੇ ਕਿਲੇ ‘ਤੇ ਜ਼ਿਮਨੀ ਚੋਣ ਮੌਕੇ ਉਤਰਿਆ ‘ਆਪ’ ਦਾ ਝੰਡਾ ਦੁਬਾਰਾ ਚੜਾ ਦਿੱਤਾ। ਸੰਗਰੂਰ ਹਲਕੇ ਤੋਂ ਮੀਤ ਹੇਅਰ ਦੀ ਜਿੱਤ ਤੋਂ ਬਾਅਦ ਹੁਣ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਦੀਆਂ ਸਰਗਰਮੀਆਂ ਸ਼ੁਰੂ ਹੋ ਜਾਣਗੀਆਂ।