ਚੰਡੀਗੜ੍ਹ,2 ਜੂਨ, Gee98 news service
-ਪੁਲਿਸ ਥਾਣਿਆਂ ਵਿੱਚ ਬਲਾਤਕਾਰ ਦੇ ਦਰਜ ਕੇਸਾਂ ਦੀ ਵੱਧ ਰਹੀ ਗਿਣਤੀ ਦੇ ਦੌਰਾਨ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬਲਾਤਕਾਰ ਦੇ ਇਕ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਇਆ ਹੈ। ਹਾਈ ਕੋਰਟ ਨੇ ਇਹ ਫੈਸਲਾ ਸੁਣਾਉਂਦੇ ਹੋਏ ਬਲਾਤਕਾਰ ਦੇ ਦੋਸ਼ੀ ਠਹਿਰਾਏ ਗਏ ਵਿਅਕਤੀ ਨੂੰ ਹੇਠਲੀ ਅਦਾਲਤ ਪਰਲੋ ਸੁਣਾਈ ਸੱਤ ਸਾਲ ਦੀ ਸਜ਼ਾ ਦੇ ਹੁਕਮ ਰੱਦ ਕਰਦੇ ਹੋਏ ਉਸਨੂੰ ਬਰੀ ਕਰ ਦਿੱਤਾ। ਇਹ ਕੇਸ ਪੀੜਤ ਲੜਕੀ ਵੱਲੋਂ ਇਸ ਆਧਾਰ ਤੇ ਦਰਜ ਕਰਵਾਇਆ ਗਿਆ ਸੀ ਕਿ ਦੋਸ਼ੀ ਵਿਅਕਤੀ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ।ਪਟੀਸ਼ਨ ਦਾਇਰ ਕਰਦੇ ਹੋਏ ਪ੍ਰੇਮੀ ਨੇ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ 7 ਸਾਲ ਦੀ ਸਜ਼ਾ ਨੂੰ ਚੁਣੌਤੀ ਦਿੱਤੀ ਸੀ। ਪੁਲਿਸ ਵੱਲੋਂ ਦਰਜ ਕੀਤੀ ਐਫਆਈਆਰ ਮੁਤਾਬਕ ਪੀੜ੍ਹਤਾ ਆਪਣੀ ਮਰਜ਼ੀ ਨਾਲ ਦੋਸ਼ੀ ਨਾਲ ਘਰ ਛੱਡ ਕੇ ਗਈ ਸੀ। ਪਟੀਸ਼ਨਰ ਨੇ ਉਸ ਨੂੰ ਵਿਆਹ ਲਈ ਕਿਤੇ ਲੈ ਜਾਣ ਲਈ ਕਹਿ ਕੇ ਬਾਹਰ ਬੁਲਾਇਆ ਸੀ। ਪਰ ਉਸ ਨੂੰ ਇੱਕ ਟਿਊਬਵੈੱਲ ‘ਤੇ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕੀਤਾ। ਪਟੀਸ਼ਨਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਔਰਤ ਬਾਲਗ ਸੀ ਅਤੇ ਉਹ ਆਪਣੀ ਮਰਜ਼ੀ ਨਾਲ ਉਸ ਨਾਲ ਭੱਜ ਗਈ ਸੀ। ਔਰਤ 3 ਦਿਨ ਤੱਕ ਪਟੀਸ਼ਨਰ ਦੇ ਨਾਲ ਰਹੀ ਅਤੇ ਮੋਟਰਸਾਈਕਲ ‘ਤੇ ਉਸ ਦੇ ਨਾਲ ਕਾਫੀ ਦੂਰੀ ਦਾ ਸਫਰ ਤੈਅ ਕੀਤਾ। ਉਸ ਦੇ ਪਾਸਿਓਂ ਕਿਸੇ ਕਿਸਮ ਦਾ ਕੋਈ ਵਿਰੋਧ ਨਹੀਂ ਸੀ। ਸਾਰੇ ਹਾਲਾਤ ਸਾਬਤ ਕਰਦੇ ਹਨ ਕਿ ਔਰਤ ਦੀ ਸਹਿਮਤੀ ਸੀ ਅਤੇ ਇਸ ਲਈ ਅਪੀਲਕਰਤਾ ਦੁਆਰਾ ਕੋਈ ਅਪਰਾਧ ਨਹੀਂ ਕੀਤਾ ਗਿਆ ਹੈ। ਆਪਣਾ ਫੈਸਲਾ ਸੁਣਾਉਂਦੇ ਹੋਏ ਹਾਈਕੋਰਟ ਨੇ ਕਿਹਾ ਕਿ ਪੀੜਤਾ ਦੀ ਗਵਾਹੀ ਜਾਂ ਬਿਆਨ ਵਿੱਚ ਅਜਿਹਾ ਕੋਈ ਇਲਜ਼ਾਮ ਨਹੀਂ ਹੈ ਕਿ ਜਦੋਂ ਅਪੀਲਕਰਤਾ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਤਾਂ ਇਹ ਕਿਸੇ ਮਾੜੇ ਇਰਾਦੇ ਨਾਲ ਜਾਂ ਉਸ ਨੂੰ ਧੋਖਾ ਦੇਣ ਦੇ ਇਰਾਦੇ ਨਾਲ ਕੀਤਾ ਗਿਆ ਸੀ। ਹਾਈਕੋਰਟ ਨੇ ਕਿਹਾ ਕਿ ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਅਜਿਹਾ ਵਾਅਦਾ ਕੀਤਾ ਗਿਆ ਸੀ, ਤਾਂ ਵੀ ਅਪੀਲਕਰਤਾ ਵੱਲੋਂ ਵਾਅਦੇ ਨੂੰ ਪੂਰਾ ਨਾ ਕਰਨ ਦਾ ਮਤਲਬ ਇਹ ਨਹੀਂ ਲਿਆ ਜਾ ਸਕਦਾ ਕਿ ਵਾਅਦਾ ਹੀ ਝੂਠਾ ਸੀ। ਪੀੜ੍ਹਤਾ ਦੀ ਉਮਰ 18 ਸਾਲ ਤੋਂ ਵੱਧ ਹੈ ਅਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪੀੜ੍ਹਤਾ ਨੇ ਦੋਸ਼ੀ ਦੇ ਨਾਲ ਹੋਣ ਦੌਰਾਨ ਕੋਈ ਰੌਲਾ ਪਾਇਆ ਜਾਂ ਵਿਰੋਧ ਕੀਤਾ। ਪੀੜ੍ਹਤਾ ਦੀ ਗਵਾਹੀ ਤੋਂ ਪਤਾ ਚੱਲਦਾ ਹੈ ਕਿ ਦੋਸ਼ੀ ਨੇ ਉਸ ਦੀ ਮਰਜ਼ੀ ਦੇ ਖਿਲਾਫ ਉਸਨੂੰ ਅਗਵਾ ਨਹੀਂ ਕੀਤਾ ਸੀ। ਜਦੋਂ ਅਪੀਲਕਰਤਾ ਉਸ ਨੂੰ ਕਾਲਾ ਅੰਬ ਲੈ ਕੇ ਗਿਆ ਤਾਂ ਉਹ ਪਿੱਛੇ ਬੈਠੀ ਸੀ ਅਤੇ ਉਹ 2 ਦਿਨ ਤੱਕ ਉੱਥੇ ਰਹੇ। ਪੂਰੇ ਸਮੇਂ ਦੌਰਾਨ ਦੋਸ਼ੀ ਔਰਤ ਨੇ ਕਿਸੇ ਨੂੰ ਸੂਚਿਤ ਕਰਨ ਜਾਂ ਸੁਚੇਤ ਕਰਨ ਦੀ ਇੱਕ ਵੀ ਕੋਸ਼ਿਸ਼ ਨਹੀਂ ਕੀਤੀ। ਇਸ ਮਾਮਲੇ ਚ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਖਰ ਹਾਈਕੋਰਟ ਨੇ ਪਟੀਸ਼ਨ ਸਵੀਕਾਰ ਕਰਦੇ ਹੋਏ ਬਲਾਤਕਾਰ ਦੇ ਦੋਸ਼ੀ ਨੇ ਸੁਣਾਈ ਸੱਤ ਸਾਲ ਦੀ ਸਜ਼ਾ ਰੱਦ ਕਰ ਦਿੱਤੀ ਅਤੇ ਉਸਨੂੰ ਬਰੀ ਕਰ ਦਿੱਤਾ।