ਚੰਡੀਗੜ੍ਹ, 6 ਮਈ, Gee98 news service
-ਪੰਜਾਬ ਦੇ ਲੱਗਭੱਗ ਸਾਰੇ ਪਿੰਡਾਂ ਵਿੱਚ 5-5, 6-6 ਧਾਰਮਿਕ ਅਸਥਾਨ ਵੱਖ ਵੱਖ ਧਰਮਾਂ ਦੇ ਬਣੇ ਹੋਏ ਹਨ। ਸ਼ਹਿਰਾਂ ਵਿੱਚ ਇਹਨਾਂ ਧਾਰਮਿਕ ਅਸਥਾਨਾਂ ਦੀ ਗਿਣਤੀ ਹੋਰ ਵੀ ਵਧੇਰੇ ਹੈ। ਇਨਾਂ ਧਾਰਮਿਕ ਅਸਥਾਨਾਂ ਤੋਂ ਸਵੇਰੇ ਸ਼ਾਮ ਵੱਖ-ਵੱਖ ਧਰਮਾਂ ਦੀ ਰਵਾਇਤ ਅਨੁਸਾਰ ਆਪਸੀ ਭਾਈਚਾਰਕ ਸਾਂਝ ਅਤੇ ਜਾਤ ਪਾਤ ਸਮੇਤ ਹੋਰ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਹੋਕਾ ਦਿੰਦੇ ਹੋਏ ਪਰਮਾਤਮਾ ਦੀ ਪ੍ਰਾਪਤੀ ‘ਤੇ ਰਾਹ ‘ਤੇ ਚੱਲਣ ਦਾ ਹੋਕਾ ਦਿੱਤਾ ਜਾਂਦਾ ਹੈ ਪ੍ਰੰਤੂ ਲੋਕ ਇਹਨਾਂ ਧਾਰਮਿਕ ਸਥਾਨਾਂ ਤੋਂ ਦਿੱਤੇ ਜਾਂਦੇ ਹੋਕੇ ਉੱਪਰ ਕਿੰਨਾ ਕੁ ਅਮਲ ਕਰਦੇ ਹਨ ਇਸ ਦੀਆਂ ਮਿਸਾਲਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਆਮ ਤੌਰ ‘ਤੇ ਪਿੰਡਾਂ ਵਿੱਚ ਜਾਤ ਪਾਤ ਦੇ ਝਮੇਲੇ ਸਬੰਧੀ ਝਗੜਿਆਂ ਦੀਆਂ ਖ਼ਬਰਾਂ ਅਕਸਰ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲੇ ‘ਚ ਬਟਾਲਾ ਦੇ ਕਸਬਾ ਘੁਮਾਣ ਨੇੜੇ ਪਿੰਡ ਬਰਿਆਰ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮ੍ਰਿਤਕ ਔਰਤ ਹਰਬੰਸ ਕੌਰ ਦੇ ਸਸਕਾਰ ਨੂੰ ਲੈ ਕੇ ਪਿੰਡ ਦੇ ਦੋ ਗੁੱਟਾਂ ਵਿਚਕਾਰ ਝਗੜਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਐਸ ਸੀ ਜਾਤੀ ਦੀ ਇੱਕ ਔਰਤ ਦੀ ਮੌਤ ਤੋਂ ਬਾਅਦ ਜਦ ਪਰਿਵਾਰਿਕ ਮੈਂਬਰ ਅਤੇ ਹੋਰ ਲੋਕ ਉਸਦੇ ਸਸਕਾਰ ਲਈ ਜਨਰਲ ਸ਼੍ਰੇਣੀ ਦੇ ਸ਼ਮਸ਼ਾਨਘਾਟ ਲੈ ਕੇ ਗਏ ਤਾਂ ਪਿੰਡ ਦੇ ਕੁਝ ਜਨਰਲ ਸ਼੍ਰੇਣੀ ਦੇ ਲੋਕਾਂ ਨੇ ਉਥੇ ਸਸਕਾਰ ਨਹੀਂ ਕਰਨ ਦਿੱਤਾ ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਪਿੰਡ ਵਿੱਚ ਨੀਵੀਂ ਅਤੇ ਉੱਚੀ ਜਾਤੀ ਦੇ ਦੋ ਸ਼ਮਸ਼ਾਨਘਾਟ ਬਣੇ ਹੋਏ ਹਨ। ਉੱਚੀ ਜਾਤੀ ਦੇ ਚੌਧਰੀਆਂ ਨੇ ਕਿਹਾ ਕਿ ਤੁਸੀਂ ਆਪਣੇ ਮ੍ਰਿਤਕ ਦਾ ਸਸਕਾਰ ਆਪਣੇ ਸ਼ਮਸ਼ਾਨਘਾਟ ‘ਚ ਕਰੋ, ਅਸੀਂ ਇੱਥੇ ਨਹੀਂ ਕਰਨ ਦੇਣਾ। ਦੋਵਾਂ ਧਿਰਾਂ ਵਿਚਕਾਰ ਤਣਾਅ ਦੀ ਸੂਚਨਾ ਮਿਲਣ ਬਾਅਦ ਮੌਕੇ ‘ਤੇ ਤਹਿਸੀਲਦਾਰ ਸ੍ਰੀ ਹਰਗੋਬਿੰਦਪੁਰ ਅਰਚਨਾ ਸ਼ਰਮਾ ਅਤੇ ਡੀਐਸਪੀ ਰਜੇਸ਼ ਕੱਕੜ ਪੁੱਜੇ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪਿੰਡ ਦੀ ਸਰਪੰਚ ਬਲਵਿੰਦਰ ਕੌਰ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਸ਼ਮਸ਼ਾਨਘਾਟ ਨੂੰ ਜਾਂਦਾ ਰਸਤਾ ਬਹੁਤ ਜਿਆਦਾ ਖ਼ਰਾਬ ਹੈ ਜਿੱਥੇ ਟੋਆ ਪੁੱਟਿਆ ਹੋਇਆ ਹੈ ਇਸ ਲਈ ਮ੍ਰਿਤਕ ਹਰਬੰਸ ਕੌਰ ਦਾ ਸਸਕਾਰ ਜਨਰਲ ਸ਼੍ਰੇਣੀ ਦੇ ਸ਼ਮਸ਼ਾਨ ਘਾਟ ਵਿੱਚ ਕਰਨ ਆਏ ਹਨ ਪ੍ਰੰਤੂ ਜਾਤਪਾਤ ਦੀ ਭਾਵਨਾ ਨਾਲ ਲਬਰੇਜ਼ ਪਿੰਡ ਦੇ ਕੁਝ ਚੌਧਰੀਆਂ ਵੱਲੋਂ ਅੜਿੱਕਾ ਪਾਇਆ ਜਾ ਰਿਹਾ ਹੈ। ਮੌਕੇ ‘ਤੇ ਪੁੱਜੇ ਡੀਐਸਪੀ ਅਤੇ ਤਹਿਸੀਲਦਾਰ ਨੇ ਆਪਣੀ ਸੂਝ ਬੂਝ ਨਾਲ ਸਾਰੇ ਪਿੰਡ ਦੇ ਇਕੱਠ ਵਿੱਚ ਇਸ ਮਾਮਲੇ ਦਾ ਹੱਲ ਕੀਤਾ, ਜਿਸ ਤਹਿਤ ਮ੍ਰਿਤਕ ਔਰਤ ਹਰਬੰਸ ਕੌਰ ਦਾ ਸਸਕਾਰ ਜਨਰਲ ਸ੍ਰੇਣੀ ਦੇ ਸ਼ਮਸ਼ਾਨਘਾਟ ਵਿੱਚ ਹੀ ਕੀਤਾ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਮਝਾਉਣ ‘ਤੇ ਸਮੁੱਚੇ ਪਿੰਡ ਵਾਸੀਆਂ ਨੇ ਇੱਕ ਹੋਰ ਅਹਿਮ ਅਤੇ ਸ਼ਲਾਘਾਯੋਗ ਫੈਸਲਾ ਵੀ ਕੀਤਾ ਕਿ ਅੱਗੇ ਤੋਂ ਪਿੰਡ ਵਿੱਚ ਇੱਕੋ ਹੀ ਸ਼ਮਸ਼ਾਨਘਾਟ ਰਹੇਗਾ ਜਿੱਥੇ ਸਾਰੇ ਪਿੰਡ ਦੇ ਮ੍ਰਿਤਕ ਲੋਕਾਂ ਦਾ ਸਸਕਾਰ ਕੀਤਾ ਜਾਵੇਗਾ ਅਤੇ ਦੂਜੇ ਸ਼ਮਸ਼ਾਨਘਾਟ ਨੂੰ ਖਤਮ ਕਰਕੇ ਉਥੇ ਪਾਰਕ ਬਣਾਇਆ ਜਾਵੇਗਾ। ਪਿੰਡ ਦੇ ਲੋਕਾਂ ਨੇ ਡੀਐਸਪੀ ਰਜੇਸ਼ ਕੱਕੜ ਅਤੇ ਤਹਿਸੀਲਦਾਰ ਅਰਚਨਾ ਸ਼ਰਮਾ ਵੱਲੋਂ ਪੂਰੇ ਤਣਾਅਪੂਰਨ ਮਾਹੌਲ ਵਿੱਚ ਇਸ ਮਾਮਲੇ ਨੂੰ ਸਹੀ ਤਰੀਕੇ ਨਾਲ ਸੁਲਝਾਉਣ ਅਤੇ ਅੱਗੇ ਤੋਂ ਪਿੰਡ ਵਿੱਚ ਏਕਤਾ ਕਾਇਮ ਕਰਨ ਦੀ ਸ਼ਲਾਘਾ ਕੀਤੀ।