ਚੰਡੀਗੜ੍ਹ, 30 ਅਪ੍ਰੈਲ Gee98 news service
-ਕਰੋਨਾ ਮਹਾਂਮਾਰੀ ਦੌਰਾਨ ਲਗਾਈ ਗਈ ਵੈਕਸੀਨ ਦੇ ਸਰੀਰ ਉੱਤੇ ਮਾੜੇ ਪ੍ਰਭਾਵਾਂ ਦੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਅਜਿਹਾ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਵਿਸ਼ਵ ਪੱਧਰ ‘ਤੇ ਕਰੋਨਾ ਵੈਕਸੀਨ ਦੇ ਸਰੀਰ ਉੱਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਪ੍ਰਤੀ ਅਕਸਰ ਚਿੰਤਾ ਜ਼ਾਹਿਰ ਹੁੰਦੀ ਰਹੀ ਹੈ। ਹੁਣ ਇੱਕ ਤਾਜ਼ਾ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਨੇ ਕਰੋਨਾ ਵੈਕਸੀਨ ਤਿਆਰ ਕਰਨ ਵਾਲੀ ਕੰਪਨੀ ਆਕਸਫੋਰਡ-ਐਸਟਰਾਜੇਨੇਕਾ ਖ਼ਿਲਾਫ਼ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ।। ਉਸ ਵਿਅਕਤੀ ਦਾ ਕਹਿਣਾ ਹੈ ਕਿ ਐਸਟਰਾਜੇਨੇਕਾ ਦਾ ਟੀਕਾ ਲਗਵਾਉਣ ਤੋਂ ਬਾਅਦ ਉਹ ਬਰੇਨ ਡੈਮੇਜ ਦਾ ਸ਼ਿਕਾਰ ਹੋਇਆ ਸੀ ਉਹਨਾਂ ਵਾਂਗ ਕਈ ਹੋਰ ਪਰਿਵਾਰਾਂ ਨੇ ਵੀ ਵੈਕਸੀਨ ਦੇ ਮਾੜੇ ਪ੍ਰਭਾਵ ਨੂੰ ਲੈ ਕੇ ਅਦਾਲਤ ਵਿੱਚ ਸ਼ਿਕਾਇਤਾਂ ਦਾਇਰ ਕੀਤੀਆਂ ਹਨ। ਸਾਰੇ ਸ਼ਿਕਾਇਤੀ ਪਰਿਵਾਰਾਂ ਦਾ ਇਹ ਕਹਿਣਾ ਹੈ ਕਿ ਕਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਤੋਂ ਬਾਅਦ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨਾਂ ਬਾਰੇ ਪਹਿਲਾਂ ਨਹੀਂ ਦੱਸਿਆ ਗਿਆ ਸੀ। ਇਹ ਪਰਿਵਾਰ ਹੁਣ ਟੀਕੇ ਨੂੰ ਲੈ ਕੇ ਇਹਨਾਂ ਮੁਸ਼ਕਿਲਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਇਹ ਚਿੰਤਿਤ ਕਰਨ ਵਾਲੀ ਗੱਲ ਹੈ ਕਿ ਅਦਾਲਤ ਦੀ ਸੁਣਵਾਈ ਦੌਰਾਨ ਐਕਸਟਰਾਜੇਨੇਕਾ ਨੇ ਮੰਨਿਆ ਹੈ ਕਿ ਇਸ ਦੀ ਕੋਵਿਡ ਵੈਕਸੀਨ ਕੋਵੀਸ਼ੀਲਡ ਲੋਕਾਂ ਵਿੱਚ ਮਾੜੇ ਸਰੀਰਕ ਪ੍ਰਭਾਵਾਂ ਦਾ ਕਾਰਨ ਬਣ ਸਕਦੀ ਹੈ। ਦੂਜੇ ਸ਼ਬਦਾਂ ਵਿੱਚ ਇਹ ਹਾਰਟ ਅਟੈਕ, ਬ੍ਰੇਨ ਸਟਰੋਕ ਅਤੇ ਪਲੇਟਲੈਟਸ ਦੇ ਘਟਣ ਦਾ ਕਾਰਨ ਬਣ ਸਕਦੀ ਹੈ। ਹਾਲਾਂਕਿ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਆਮ ਲੋਕਾਂ ਨੂੰ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਅਜਿਹਾ ਬਹੁਤ ਘੱਟ ਮਾਮਲਿਆਂ ਵਿੱਚ ਹੀ ਹੋ ਸਕਦਾ ਹੈ। ਇਸ ਕੰਪਨੀ ਵੱਲੋਂ ਕੋਵਿਸ਼ੀਲਡ ਅਤੇ ਵੈਕਸਜਾਵਰੀਆ ਬਰਾਂਡ ਨਾਵਾਂ ਹੇਠ ਦੁਨੀਆਂ ਭਰ ਵਿੱਚ ਵੈਕਸੀਨ ਵੇਚੀ ਗਈ ਸੀ। ਯੂਕੇ ਹਾਈਕੋਰਟ ਵਿੱਚ ਆਪਣਾ ਜਵਾਬ ਦਾਅਵਾ ਦਾਇਰ ਕਰਦੇ ਹੋਏ ਕੰਪਨੀ ਨੇ ਮੰਨਿਆ ਕਿ ਬਹੁਤ ਘੱਟ ਮਾਮਲਿਆਂ ਵਿੱਚ ਉਹਨਾਂ ਦਾ ਟੀਕਾ ਥਰੋਮੋਸਾਈਟੋਪੇਨੀਆ ਸਿੰਡਰੋਮ (ਟੀਟੀਐਸ) ਦਾ ਕਾਰਨ ਬਣ ਸਕਦਾ ਹੈ। ਇਸ ਕਾਰਨ ਲੋਕਾਂ ਨੂੰ ਹਾਰਟ ਅਟੈਕ ਜਾਂ ਬਰੇਨ ਸਟਰੋਕ ਹੋ ਸਕਦਾ ਹੈ ।ਹੈਰਾਨੀ ਇਸ ਗੱਲ ਦੀ ਹੈ ਕਿ ਆਪਣੇ ਇਕਬਾਲੀਆ ਬਿਆਨ ਦੇ ਬਾਵਜੂਦ ਵੀ ਕੰਪਨੀ ਲੋਕਾਂ ਵੱਲੋਂ ਮੁਆਵਜ਼ੇ ਦੀ ਮੰਗ ਦਾ ਵਿਰੋਧ ਕਰ ਰਹੀ ਹੈ। ਕੰਪਨੀ ਦੀ ਦਲੀਲ ਹੈ ਕਿ ਇੰਨੇ ਵੱਡੇ ਪੈਮਾਨੇ ‘ਤੇ ਟੀਕਾਕਰਨ ਤੋਂ ਬਾਅਦ ਕੁਝ ਕੁ ਲੋਕਾਂ ਇਹ ਸਮੱਸਿਆ ਹੋ ਸਕਦੀ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਐਕਸਟਰਾਜੈਨੇਕਾ ਆਕਸਫੋਰਡ ਵੈਕਸੀਨ ਸੁਰੱਖਿਆ ਚਿੰਤਾਵਾਂ ਦੇ ਕਾਰਨ ਹੁਣ ਯੂਕੇ ਵਿੱਚ ਨਹੀਂ ਦਿੱਤੀ ਜਾਂਦੀ। ਫਿਲਹਾਲ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਜੇਕਰ ਅਦਾਲਤ ਨੇ ਪਟੀਸ਼ਨਕਰਤਾਵਾਂ ਦੀ ਗੱਲ ਮੰਨ ਲਈ ਤਾਂ ਕੰਪਨੀ ਨੂੰ ਵੱਡੀ ਰਕਮ ਮੁਆਵਜ਼ੇ ਦੇ ਰੂਪ ਵਿੱਚ ਪੀੜਤਾਂ ਨੂੰ ਦੇਣੀ ਪੈ ਸਕਦੀ ਹੈ।