ਚੰਡੀਗੜ੍ਹ,2 ਅਪ੍ਰੈਲ, Gee98 news service
-ਆਮ ਆਦਮੀ ਪਾਰਟੀ ਨੂੰ ਆਪਣੇ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦਾ ਪਾਰਟੀ ਛੱਡ ਕੇ ਜਾਣ ਦਾ ਸਦਮਾ ਅਜੇ ਵੀ ਤੰਗ ਕਰ ਰਿਹਾ ਹੈ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ੀਤਲ ਦਾ ਅਸਤੀਫ਼ਾ ਨਾ ਮਨਜ਼ੂਰ ਕਰ ਦਿੱਤਾ ਹੈ। ਚੇਤੇ ਰਹੇ ਕਿ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ, ਉਹਨਾਂ ਨੇ ਇਹ ਅਸਤੀਫ਼ਾ ਸਪੀਕਰ ਨੂੰ ਭੇਜਿਆ ਸੀ ਪ੍ਰੰਤੂ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ। ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਜੇਕਰ ਉਹਨਾਂ ਦਾ ਅਸਤੀਫ਼ਾ ਪ੍ਰਵਾਨ ਨਾ ਹੋਇਆ ਤਾਂ ਉਹ ਅਦਾਲਤ ਦਾ ਰੁੱਖ ਕਰਨਗੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕ ਸਭਾ ਚੋਣਾਂ ਦੇ ਨਾਲ ਨਾਲ ਇਸ ਸੀਟ ‘ਤੇ ਉਪ ਚੋਣ ਨਹੀਂ ਕਰਵਾਉਣਾ ਚਾਹੁੰਦੀ ਇਸ ਲਈ ਉਹਨਾਂ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਜਾ ਰਿਹਾ। ਦੂਜੇ ਪਾਸੇ ਆਪ ਛੱਡ ਕੇ ਸੁਸੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਨੂੰ ਕੇਂਦਰ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਹੈ। ਦੋਵਾਂ ਆਗੂਆਂ ਦੀ ਸੁਰੱਖਿਆ ਵਿੱਚ ਵਾਧਾ ਕਰਦੇ ਹੋਏ ਗ੍ਰਹਿ ਮੰਤਰਾਲੇ ਵੱਲੋਂ Y+ ਸਿਕਿਉਰਟੀ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਪੰਜਾਬ ਸਰਕਾਰ ਨੇ ਦੋਵਾਂ ਆਗੂਆਂ ਦੀ ਸੁਰੱਖਿਆ ਵਿੱਚ ਕਟੌਤੀ ਕਰ ਦਿੱਤੀ ਸੀ। ਇਸ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਫਿਰ ਬਾਅਦ ਵਿੱਚ ਸੁਸ਼ੀਲ ਰਿੰਕੂ ਅਤੇ ਅੰਗਰਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਜਿੱਥੇ ਉਹਨਾਂ ਦੀ ਘਟਾਈ ਗਈ ਸੁਰੱਖਿਆ ਨੂੰ ਲੈ ਕੇ ਚਰਚਾ ਕੀਤੀ ਗਈ ਸੀ। ਦੋਵੇਂ ਨੇਤਾਵਾਂ ਨੇ ਗ੍ਰਹਿ ਮੰਤਰੀ ਨੂੰ ਕਿਹਾ ਸੀ ਕਿ ਉਹਨਾਂ ਦੀ ਜਾਨ ਨੂੰ ਖ਼ਤਰਾ ਹੈ ਜਿਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦੋਵਾਂ ਨੇਤਾਵਾਂ ਨੂੰ Y+ ਸੁਰੱਖਿਆ ਦਿੱਤੀ ਗਈ ਹੈ।