ਚੰਡੀਗੜ੍ਹ,1 ਅਪ੍ਰੈਲ, Gee98 news service
-ਸੋਸ਼ਲ ਮੀਡੀਆ ‘ਤੇ ਇੱਕ ਆਰਕੈਸਟਰਾ ਦੀ ਡਾਂਸਰ ਦੀ ਵੀਡੀਓ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਹੈ। ਇਹ ਵੀਡੀਓ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਪੈਲੇਸ ਵਿੱਚ ਇੱਕ ਵਿਆਹ ਸਮਾਗਮ ਦੀ ਹੈ ਜਿਸ ਵਿੱਚ ਡਾਂਸਰ ਇੱਕ ਵਿਅਕਤੀ ਨੂੰ ਸਟੇਜ ‘ਤੇ ਸ਼ਰੇਆਮ ਮਾਵਾਂ-ਭੈਣਾਂ ਦੀਆਂ ਗਾਲਾਂ ਕੱਢ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀਡੀਓ ਵਿਚਲੀ ਸਿਮਰਨ ਨਾਂ ਦੀ ਡਾਂਸਰ ਨੇ ਮੀਡੀਆ ਸਾਹਮਣੇ ਆ ਕੇ ਇਸ ਵੀਡੀਓ ਦੀ ਅਸਲ ਸੱਚਾਈ ਦੱਸੀ ਹੈ। ਡਾਂਸਰ ਸਿਮਰਨ ਨੇ ਦੱਸਿਆ ਕਿ ਇਹ ਵੀਡੀਓ ਸਮਰਾਲਾ ਦੇ ਗਿੱਲ ਰਿਜ਼ਾਰਟ ਦੀ ਹੈ ਜਿੱਥੇ ਉਹ ਇੱਕ ਵਿਆਹ ਦੇ ਪ੍ਰੋਗਰਾਮ ‘ਤੇ ਡਾਂਸ ਕਰਨ ਗਈ ਸੀ। ਜਦ ਉਹ ਸਟੇਜ ‘ਤੇ ਪ੍ਰੋਗਰਾਮ ਕਰ ਰਹੀ ਸੀ ਤਾਂ ਇਸ ਦੌਰਾਨ ਇੱਕ ਵਿਅਕਤੀ, ਜਿਸ ਨੇ ਸ਼ਰਾਬ ਪੀਤੀ ਹੋਈ, ਨੇ ਉਸ ਨੂੰ ਸਟੇਜ ਤੋਂ ਹੇਠਾਂ ਆ ਕੇ ਨੱਚਣ ਲਈ ਕਿਹਾ ਪ੍ਰੰਤੂ ਉਸਨੇ ਸਟੇਜ ਤੋਂ ਹੇਠਾਂ ਨੱਚਣ ਤੋਂ ਨਾਂਹ ਕਰ ਦਿੱਤੀ ਤਾਂ ਉਕਤ ਵਿਅਕਤੀ ਨੇ ਉਸ ਨਾਲ ਬਦਸਲੂਕੀ ਕੀਤੀ ਤੇ ਉਸ ਨਾਲ ਗਾਲੀ ਗਲੋਚ ਵੀ ਕੀਤਾ। ਸਿਮਰਨ ਦੇ ਦੱਸਣ ਮੁਤਾਬਿਕ ਉਕਤ ਵਿਅਕਤੀ ਨੇ ਉਸ ਉੱਪਰ ਸ਼ਰਾਬ ਦੇ ਨਾਲ ਭਰਿਆ ਕੱਚ ਦਾ ਗਿਲਾਸ ਵੀ ਸੁੱਟਿਆ। ਉਸਨੇ ਦੱਸਿਆ ਕਿ ਉਕਤ ਵਿਅਕਤੀ ਦਾ ਨਾਮ ਜਗਰੂਪ ਸਿੰਘ ਹੈ ਜੋ ਕਿਸੇ ਡੀਐਸਪੀ ਦਾ ਰੀਡਰ ਦੱਸਿਆ ਜਾ ਰਿਹਾ ਹੈ। ਸਿਮਰਨ ਨੇ ਕਿਹਾ ਕਿ ਜਿਸ ਡੀਜੇ ਵਾਲੇ ਨੇ ਉਸ ਨਾਲ ਬੁਕਿੰਗ ਕੀਤੀ ਸੀ, ਉਸਨੇ ਵੀ ਉਸ ਵਿਅਕਤੀ ਦਾ ਹੀ ਸਾਥ ਦਿੱਤਾ। ਡਾਂਸਰ ਸਿਮਰਨ ਨੇ ਕਿਹਾ ਕਿ ਉਹ ਉਕਤ ਵਿਅਕਤੀ ਦੇ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਵੀ ਦਾਇਰ ਕਰੇਗੀ। ਡਾਂਸਰ ਸਿਮਰਨ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀ,ਜੋ ਕਿਸੇ ਡੀਐਸਪੀ ਦਾ ਰੀਡਰ ਦੱਸਿਆ ਜਾ ਰਿਹਾ ਹੈ, ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਡਾਂਸਰ ਸਟੇਜ ਦੇ ਹੇਠਾਂ ਖੜੇ ਕੁਝ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੂੰ ਸ਼ਰੇਆਮ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਰਹੀ ਹੈ ਅਤੇ ਹੇਠਾਂ ਤੋਂ ਇੱਕ ਵਿਅਕਤੀ ਨੇ ਡਾਂਸਰ ਦੇ ਕੱਚ ਦਾ ਗਲਾਸ ਵੀ ਮਾਰਿਆ ਦਿਖਾਈ ਦੇ ਰਿਹਾ ਹੈ। ਸਿਮਰਨ ਦੇ ਕਹਿਣ ਮੁਤਾਬਕ ਜਦ ਉਕਤ ਵਿਅਕਤੀ ਨੇ ਉਸ ਨਾਲ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ ਅਤੇ ਉਸ ਨੂੰ ਗਾਲਾਂ ਕੱਢੀਆਂ ਤਾਂ ਉਸ ਨੇ ਵੀ ਬਦਲੇ ਦੇ ਵਿੱਚ ਉਸਨੂੰ ਗਾਲਾਂ ਕੱਢੀਆਂ।