ਚੰਡੀਗੜ੍ਹ,20 ਮਾਰਚ, Gee98 news service
-ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਵਾਇਰਲ ਹੋ ਰਹੀ ਹੈ ਇੱਕ ਵੀਡੀਓ ਕਲਿੱਪ ਨੇ ਪੰਜਾਬ ਦੀ ਰਾਜਨੀਤੀ ਨੂੰ ਗਰਮਾਇਆ ਹੋਇਆ ਹੈ। ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਦੇ ਜਨਮ ਤੋਂ ਬਾਅਦ ਹੀ ਪ੍ਰਸ਼ਾਸਨ ਬੱਚੇ ਦੇ ਲੀਗਲ ਦਸਤਾਵੇਜ਼ ਪੇਸ਼ ਕਰਨ ਲਈ ਉਹਨਾਂ ਨੂੰ ਵਾਰ-ਵਾਰ ਪਰੇਸ਼ਾਨ ਕਰ ਰਿਹਾ ਹੈ। ਵੀਡੀਓ ਵਿੱਚ ਬਲਕੌਰ ਸਿੰਘ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਦੇ ਹਨ ਕਿ ਉਹਨਾਂ ‘ਤੇ ਰਹਿਮ ਕੀਤਾ ਜਾਵੇ,ਉਹਨਾਂ ਦਾ ਇਲਾਜ ਪੂਰਾ ਹੋਣ ਦਿੱਤਾ ਜਾਵੇ..ਮੈਂ ਇਥੋਂ ਦਾ ਹੀ ਰਹਿਣ ਵਾਲਾ ਹਾਂ,ਕਿਤੇ ਭੱਜਣ ਵਾਲਾ ਨਹੀਂ ਹਾਂ। ਤੁਸੀਂ ਜਦੋਂ ਵੀ ਜਿੱਥੇ ਵੀ ਬੁਲਾਓਗੇ,ਮੈਂ ਪੇਸ਼ ਹੋ ਜਾਵਾਂਗਾ”। ਬਲਕੌਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਖ਼ਾਤਿਬ ਹੁੰਦੇ ਹੋਏ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ “ਮੈਂ ਬਹੁਤ ਪਰੇਸ਼ਾਨ ਹਾਂ, ਤੁਹਾਡੀ ਇਕ ਆਦਤ ਹੈ ਕਿ ਤੁਸੀਂ ਹਰ ਗੱਲ ਤੋਂ ਬਾਅਦ ਯੂ ਟਰਨ ਲੈ ਲੈਂਦੇ ਹੋ”। ਮੁੱਖ ਮੰਤਰੀ ਦੇ ਸਲਾਹਕਾਰ ਉਹਨਾਂ ਨੂੰ ਅਜਿਹੀ ਸਲਾਹ ਦਿੰਦੇ ਹਨ ਜਿਸ ਤੋਂ ਬਾਅਦ ਮੁੱਖ ਮੰਤਰੀ ਆਪਣੇ ਸਟੈਂਡ ‘ਤੇ ਖੜੇ ਨਹੀਂ ਰਹਿੰਦੇ। ਬਲਕੌਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਫਿਰ ਵੀ ਜੇਕਰ ਮੁੱਖ ਮੰਤਰੀ ਮਾਨ ਨੂੰ ਲੱਗਦਾ ਹੈ ਤਾਂ ਉਹ ਉਹਨਾਂ ਨੂੰ ਜੇਲ ਭੇਜ ਕੇ ਜਾਂਚ ਕਰਵਾ ਸਕਦੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਉਹਨਾਂ ਨੇ ਕੋਈ ਕਾਨੂੰਨ ਤੋੜਿਆ ਹੈ ਤਾਂ ਸਰਕਾਰ ਉਹਨਾਂ ਨੂੰ ਸਲਾਖਾਂ ਪਿੱਛੇ ਬੰਦ ਕਰ ਸਕਦੀ ਹੈ ਜੇਕਰ ਫਿਰ ਵੀ ਸਰਕਾਰ ਨੂੰ ਕੋਈ ਯਕੀਨ ਨਹੀਂ ਤਾਂ ਸਰਕਾਰ ਉਹਨਾਂ ਦੇ ਖ਼ਿਲਾਫ਼ ਪਹਿਲਾਂ ਮਾਮਲਾ ਦਰਜ ਕਰ ਲਵੇ ਤੇ ਫਿਰ ਜਾਂਚ ਕਰ ਲਵੇ। ਉਹਨਾਂ ਕਿਹਾ ਕਿ ਉਹ ਮੁੱਢਲਾ ਟਰੀਟਮੈਂਟ ਪੂਰਾ ਹੋਣ ਤੋਂ ਬਾਅਦ ਬੱਚੇ ਸਬੰਧੀ ਸਾਰੇ ਲੀਗਲ ਡਾਕੂਮੈਂਟ ਪੇਸ਼ ਕਰਨਗੇ। ਦੂਜੇ ਪਾਸੇ ਬਲਕੌਰ ਸਿੰਘ ਦੀ ਇਸ ਭਾਵੁਕ ਵੀਡੀਓ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਗਰਮ ਹੋ ਗਈ ਹੈ। ਵਿਰੋਧੀ ਧਿਰ ਦੇ ਆਗੂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਾਮਲੇ ‘ਤੇ ਆਪ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ “ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ, ਜਿਸ ਬੱਚੇ ਦੇ ਜਨਮ ਦੀ ਖੁਸ਼ੀ ਪੂਰਾ ਪੰਜਾਬ ਅਤੇ ਦੁਨੀਆਂ ਦੇ ਲੋਕ ਮਨਾ ਰਹੇ ਹਨ ਉਹ ਖੁਸ਼ੀ ਸਰਕਾਰ ਤੋਂ ਝੱਲੀ ਨਹੀਂ ਜਾ ਸਕੀ”। ਬਾਜਵਾ ਨੇ ਕਿਹਾ ਇਕ ਨਵਜਨਮੇ ਬੱਚੇ ਤੋਂ ਸਰਕਾਰ ਨੂੰ ਕਿਹੜਾ ਡਰ ਹੈ ਕਿ ਪਰਿਵਾਰ ਨੂੰ ਇਨਾ ਪਰੇਸ਼ਾਨ ਕੀਤਾ ਜਾ ਰਿਹਾ ਹੈ। ਭਾਜਪਾ ਦੇ ਬੁਲਾਰੇ ਆਰਪੀ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਵੀਡੀਓ ਕਲਿੱਪ ਬੇਹੱਦ ਦੁਖੀ ਕਰਨ ਵਾਲਾ ਹੈ ਜਿਸ ਵਿੱਚ ਉਹਨਾਂ ਦੋਸ਼ ਲਗਾਇਆ ਹੈ ਕਿ ਪ੍ਰਸ਼ਾਸਨ ਨਵਜੰਮੇ ਬੱਚੇ ਸਬੰਧੀ ਲੀਗਲ ਦਸਤਾਵੇਜ ਪੇਸ਼ ਕਰਨ ਲਈ ਵਾਰ-ਵਾਰ ਪਰੇਸ਼ਾਨ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ 58 ਸਾਲ ਦੀ ਉਮਰ ਵਿੱਚ ਮਾਂ ਬਣੀ ਹੈ। ਚਰਨ ਕੌਰ ਨੇ ਬੱਚੇ ਨੂੰ ਜਨਮ ਦੇਣ ਸਬੰਧੀ IVF ਤਕਨੀਕ ਦਾ ਸਹਾਰਾ ਲਿਆ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੇ 2022 ‘ਚ ਮਾਨਸਾ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜੀ ਸੀ, ਉਸ ਵੇਲੇ ਚਰਨ ਕੌਰ ਨੇ ਕਵਰਿੰਗ ਉਮੀਦਵਾਰ ਦੇ ਤੌਰ ‘ਤੇ ਕਾਗਜ਼ ਭਰੇ ਸਨ ਅਤੇ ਆਪਣੇ ਨਾਮਜ਼ਦਗੀ ਪੱਤਰਾਂ ਵਿੱਚ ਚਰਨ ਕੌਰ ਨੇ ਆਪਣੀ ਉਮਰ 56 ਸਾਲ ਦੱਸੀ ਸੀ ਜਿਸ ਦੇ ਅਨੁਸਾਰ ਹੁਣ ਉਹਨਾਂ ਦੀ ਉਮਰ ਤਕਰੀਬਨ 58 ਸਾਲ ਬਣਦੀ ਹੈ ਤੇ ਬਲਕੌਰ ਸਿੰਘ ਦੀ ਉਮਰ ਤਕਰੀਬਨ 60 ਸਾਲ ਬਣਦੀ ਹੈ। ਵੀਡੀਓ ਕਲਿੱਪ ਦੇ ਵਿੱਚ ਬਲਕੌਰ ਸਿੰਘ ਦੇ ਦੱਸਣ ਅਨੁਸਾਰ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਹੀ ਪ੍ਰਸ਼ਾਸਨ ਨੇ ਬੱਚੇ ਦੇ ਜਨਮ ਦੀ ਸਮੁੱਚੀ ਪ੍ਰਕਿਰਿਆ ਸਬੰਧੀ ਲੀਗਲ ਦਸਤਾਵੇਜ਼ ਮੰਗਣ ਲਈ ਉਹਨਾਂ ਨੂੰ ਵਾਰ ਵਾਰ ਪਰੇਸ਼ਾਨ ਕੀਤਾ ਹੋਇਆ ਹੈ, ਜਦ ਕਿ ਬੱਚੇ ਦੇ ਜਨਮ ਤੋਂ ਬਾਅਦ ਅਜੇ ਮੁੱਢਲਾ ਇਲਾਜ ਵੀ ਪੂਰਾ ਨਹੀਂ ਹੋਇਆ ਅਤੇ ਉਨਾਂ ਦਾ ਧਿਆਨ ਪੂਰੀ ਤਰ੍ਹਾਂ ਆਪਣੇ ਬੱਚੇ ਤੇ ਮਾਂ ਵੱਲ ਹੈ।